Punjab

Punjab University ਮਾਮਲੇ ‘ਚ ਕੀ ਬੋਲੇ ਖਹਿਰਾ ਅਤੇ ਮੀਤ ਹੇਅਰ?

ਦ ਖ਼ਾਲਸ ਬਿਊਰੋ : ਪੰਜਾਬ ਯੂਨੀਵਰਸਿਟੀ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇੱਕ ਸਦੀ ਤੋਂ ਵੀ ਜਿਆਦਾ ਸਮਾਂ ਪੁਰਾਣੀ ਇਸ ਵਿਦਿਅਕ ਸੰਸਥਾਂ ਦੀ ਸਥਾਪਨਾ ਪਹਿਲਾਂ ਲਾਹੋਰ ਵਿੱਚ ਹੋਈ ਪਰ ਆਜਾਦੀ ਵੇਲੇ ਹੋਈ ਵੰਡ ਤੋਂ ਬਾਅਦ ਇਸ ਨੂੰ ਮੁੜ ਚੰਡੀਗੜ੍ਹ ਵਿੱਚ ਬਣਾਇਆ ਗਿਆ ਸੀ। ਇਸ ਵੇਲੇ,ਜਦੋਂ ਕੇਂਦਰ ਨੇ ਪੰਜਾਬੀ ਸੂਬੇ ਦੀ ਰਾਜਧਾਨੀ ਵਿੱਚ ਕੇਂਦਰ ਵਾਲੇ ਨਿਯਮ ਲਾਗੂ ਕਰ ਦਿੱਤੇ ਹਨ ਤੇ ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਇਹ ਪਟੀਸ਼ਨ ਪਾਈ ਗਈ ਸੀ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਵਿੱਚ ਵੀ ਕੇਂਦਰ ਵਾਲੇ ਨਿਯਮ ਲਾਗੂ ਕਰੇ।

ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਸੰਬੰਧ ਵਿੱਚ ਫੈਸਲਾ ਹਾਲ ਦੀ ਘੜੀ 30 ਅੱਗਸਤ ਤੱਕ ਟਾਲ ਦਿੱਤਾ ਹੈ ਤੇ ਕੇਂਦਰ ਸਰਕਾਰ ਤੋਂ ਉਸ ਦਾ ਜੁਆਬ ਮੰਗਿਆ ਹੈ। ਇਸ ਸੰਬੰਧ ਵਿੱਚ ਪੰਜਾਬ ਦੇ ਭੁਲੱਥ ਇਲਾਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਹੈਰਾਨੀ ਪ੍ਰਗਟ ਕੀਤੀ ਹੈ ਕਿ ਕੇਂਦਰ ਦੁਆਰਾ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਉਤੇ ਕਬਜ਼ੇ ਦੀਆਂ ਕੌਸ਼ਿਸ਼ਾਂ ਵਰਗੇ ਅਹਿਮ ਮੁੱਦਿਆਂ ‘ਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਦੀ ਚੁੱਪੀ ਤੋਂ ਹੈਰਾਨ ਹਨ। ਉਹਨਾਂ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਨਾ ਤਾਂ ਆਪ ਦੇ 92 ਵਿਧਾਇਕਾਂ ਵਿੱਚੋਂ ਤੇ ਨਾ ਹੀ ਇਸ ਦੇ ਸਾਬਕਾ ਵਿਦਿਆਰਥੀ ਤੇ ਮੀਤ ਹੇਅਰ ਜਾਂ ਫ਼ਿਰ ਭਗਵੰਤ ਮਾਨ ਨੇ ਇਸ ਸੰਬੰਧ ਵਿੱਚ ਕੁਝ ਬੋਲਿਆ ਹੈ ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਇਸ ਟਵੀਟ ਤੋਂ ਕੁਝ ਸਮੇਂ ਬਾਅਦ ਹੀ ਮੌਜੂਦਾ ਪੰਜਾਬ ਸਰਕਾਰ ਦੇ ਸਿਖਇਆ ਮੰਤਰੀ ਮੀਤ ਹੇਅਰ ਦਾ ਵੀ ਟਵੀਟ ਆਇਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ, ਪਰ ਇਸਨੂੰ ਲੈ ਕੇ ਹੁਣ ਪੰਜਾਬ ਸਰਕਾਰ ਅਲਰਟ ਹੋ ਚੁੱਕੀ ਹੈ।

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਾਡੀ ਮਾਣਮੱਤੀ ਸੰਸਥਾ ਹੈ, ਇਸਦੀ ਇਤਿਹਾਸਿਕ ਅਤੇ ਅਕਾਦਮਿਕ ਮਹੱਤਤਾ ਤਾਂ ਹੈ ਹੀ ਸਗੋਂ ਇਹ ਸਾਡੇ ਸੂਬੇ ਦੀ ਵਿਰਾਸਤ ਵੀ ਹੈ, ਮਾਣਯੋਗ ਮੁੱਖਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਇਸ ਵਿਸ਼ੇ ‘ਤੇ ਪੂਰੀ ਤਰਾਂ ਗੰਭੀਰ ਹੈ। ਅਸੀਂ ਇਸਦਾ ਕੇਂਦਰੀਕਰਨ ਕਿਸੇ ਹਾਲਤ ਵਿੱਚ ਵੀ ਨਹੀਂ ਹੋਣ ਦੇਵਾਂਗੇ।

ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਸਿੱਖਿਆ ਮੰਤਰਾਲੇ ਰਾਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੇ ਮੁੱਦੇ ’ਤੇ ਵਿਚਾਰ ਕਰਨ ਦੇ ਲਈ 30 ਅਗਸਤ ਤੱਕ ਦਾ ਸਮਾਂ ਦਿੱਤਾ ਹੈ।ਇਸੇ ਮਾਮਲੇ ਨੂੰ ਲੈ ਕੇ ਲਲਕਾਰ ਤੇ ਪੰਜਾਬ ਭਰ ਵਿੱਚੋਂ 10 ਵਿਦਿਆਰਥੀ ਜਥੇਬੰਦੀਆਂ ਨੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਤੋਂ ਲੈ ਕੇ ਵਾਈਪੀਐਸ ਚੌਂਕ ਤੱਕ ਰੋਸ ਮਾਰਚ ਵੀ ਕੱਢਿਆ ਸੀ ਤੇ ਇਸ ਦੌਰਾਨ ਪੁਲਿਸ ਦੀਆਂਵਿਦਿਆਰਥੀਆਂ ਨਾਲ ਝੜਪਾਂ ਵੀ ਹੋਈਆਂ।ਪ੍ਰਸ਼ਾਸਨ ਤੇ ਵਿਦਿਆਰਥੀ ਆਗੂਆਂ ਦੀ ਮੀਟਿੰਗ ਵੀ ਹੋਈ ਪਰ ਉਹ ਬੇਨਤੀਜਾ ਨਿਕਲੀ।ਵਿਦਿਆਰਥੀ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਸਨ।