Punjab

ਜੱਜ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ, ਹਾਈਕੋਰਟ ਨੇ ਸੁਰੱਖਿਆ ਦੇ ਵਿੱਚ ਤੈਨਾਤ ਮੁਲਾਜ਼ਮਾਂ ਨੂੰ ਹਟਾਇਆ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮਾਣਯੋਗ ਜੱਜ ਦੀ ਸੁਰੱਖਿਆ ਲਈ ਤਾਇਨਾਤ ਇਕ ਗੰਨਮੈਨ ਤੋਂ ਪਿਸਤੌਲ ਖੋਹਣ ਦੇ ਮਾਮਲੇ ਵਿੱਚ ਹਾਈਕੋਰਟ ਨੇ ਸਖ਼ਤ ਕਾਰਵਾਈ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਜੱਜ ਦੀ ਸੁਰੱਖਿਆ ਦੀ ਕੁਤਾਹੀ ਦਾ ਮਾਮਲਾ ਗੰਭੀਰ ਮਾਮਲਾ ਹੈ।

ਜਸਟਿਸ ਸ਼ੇਖਾਵਤ ਦੀ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਰੱਖਿਆ ਦੇ ਵਿੱਚ ਤੈਨਾਤ ਮੁਲਾਜ਼ਮਾਂ ਨੂੰ ਹਟਾ ਦਿੱਤਾ ਹੈ। ਸੁਰੱਖਿਆ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਹੈ। ਹਾਈਕੋਰਟ ਨੇ ਜਸਟਿਸ ਸ਼ੇਖਾਵਤ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਚੰਡੀਗੜ੍ਹ ਅਤੇ ਹਰਿਆਣਾ ਪੁਲਿਸ ਨੂੰ ਸੌਂਪੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ 3 ਐਫਆਈਆਰ ਦਰਜ ਕੀਤੀਆਂ ਹਨ। ਹਾਈਕੋਰਟ ਨੇ ਇਸ ਮਾਮਲੇ ਵਿੱਚ ਕੱਲ੍ਹ ਤੱਕ ਜਾਂਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਬੀਤੇ ਦਿਨੀਂ ਜੱਜ ਦੇ ਗਾਰਡ ਤੋਂ ਇੱਕ ਵਿਅਕਤੀ ਨੇ ਪਿਸਤੌਲ ਖੇਹ ਕੇ ਖੁਦਕੁਸ਼ੀ ਕੀਤੀ ਸੀ। 22 ਸਤੰਬਰ ਨੂੰ ਜਸਟਿਸ ਐੱਨਐੱਸ ਸ਼ੇਖਾਵਤ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਦੇ ਨਾਲ ਸਨ। ਏਐੱਸਆਈ ਅਸ਼ਵਨੀ ਸਕਾਟ ਗੱਡੀ ਸਮੇਤ ਹਾਜ਼ਰ ਸਨ। ਅਚਾਨਕ ਇਕ ਵਿਅਕਤੀ ਆਇਆ ਅਤੇ ਏਐੱਸਆਈ ਦਾ ਪਿਸਤੌਲ ਖੋਹ ਲਿਆ। ਇਸ ਤੋਂ ਪਹਿਲਾਂ ਕਿ ਕੋਈ ਸਮਝਦਾ, ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸੁਰੱਖਿਆ ਕਰਮੀਆਂ ਨੇ ਜਲਦਬਾਜ਼ੀ ਵਿੱਚ ਜੱਜ ਨੂੰ ਸੁਰੱਖਿਅਤ ਪੈਰੇ ਹੇਠ ਲੈ ਲਿਆ।

ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਘਟਨਾ ਸਬੰਧੀ ਹਿੰਦੀ ਅਤੇ ਅੰਗਰੇਜ਼ੀ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਦਾ ਨੋਟਿਸ ਲਿਆ ਸੀ। ਹਾਈ ਕੋਰਟ ਨੇ ਕਿਹਾ ਕਿ ਇਹ ਸਿੱਧੇ ਤੌਰ ‘ਤੇ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਬਣਦਾ ਹੈ ਜੋ ਕਿ ਗੰਭੀਰ ਮਾਮਲਾ ਹੈ। ਹਾਈ ਕੋਰਟ ਨੇ ਡੀਜੀਪੀ ਨੂੰ ਤਲਬ ਕੀਤਾ ਸੀ ਅਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਵੀਸੀ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।