India

ਦਿੱਲੀ ਦੰਗਿਆਂ ਦੇ ਮਾਮਲੇ ‘ਚ ਅਦਾਲਤ ਨੇ 4 ਵਿਅਕਤੀਆਂ ਨੂੰ ਕੀਤਾ ਬਰੀ

ਦਿੱਲੀ ਦੀ ਇੱਕ ਅਦਾਲਤ ਨੇ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਇੱਕ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਨਤ ਨੇ ਚਾਰ ਲੋਕਾਂ ਨੂੰ ਦੰਗਾ ਕਰਨ ਅਤੇ ਦੁਕਾਨ ਨੂੰ ਅੱਗ ਲਗਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ ।

ਮੁਹੰਮਦ ਸ਼ਾਹਨਵਾਜ਼, ਮੁਹੰਮਦ ਸ਼ੋਏਬ, ਸ਼ਾਹਰੁਖ ਅਤੇ ਰਸ਼ੀਦ ‘ਤੇ 24 ਫਰਵਰੀ, 2020 ਨੂੰ ਗੋਕੁਲਪੁਰੀ ਖੇਤਰ ਵਿੱਚ ਇੱਕ ਦੁਕਾਨ ਅਤੇ ਇੱਕ ਵਾਹਨ ਨੂੰ ਅੱਗ ਲਾਉਣ ਵਾਲੀ ਦੰਗਾਕਾਰੀ ਭੀੜ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ।

ਮਾਮਲੇ ਦੀ ਸੁਣਵਾਈ ਤੋਂ ਬਾਅਦ ਵਧੀਕ ਸੈਸ਼ਨ ਜੱਜ ਪੁਲਸਤਿਆ ਪ੍ਰਮਾਚਲਾ ਨੇ ਕਿਹਾ, ਮੁਲਜ਼ਮਾਂ ਖ਼ਿਲਾਫ਼ ਲਾਏ ਦੋਸ਼ ਸ਼ੱਕ ਦੇ ਘੇਰੇ ਵਿਚ ਹੀ ਹਨ ਤੇ ਸਾਬਿਤ ਨਹੀਂ ਹੁੰਦੇ। ਇਸ ਲਈ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ।

ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਦੇ ਗਵਾਹਾਂ ਦੇ ਬਿਆਨਾਂ ਅਨੁਸਾਰ, ਇਹ ਸਾਬਤ ਹੋ ਗਿਆ ਹੈ ਕਿ ਇਲਾਕੇ ਵਿੱਚ ਭੰਨਤੋੜ ਅਤੇ ਅੱਗਜ਼ਨੀ ਦੀ ਘਟਨਾ ਦੌਰਾਨ ਇੱਕ ਗੈਰ-ਕਾਨੂੰਨੀ ਇਕੱਠ ਸ਼ਾਮਲ ਸੀ।

ਅਦਾਲਤ ਨੇ ਨਾਲ ਹੀ ਕਿਹਾ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਲਈ ਇਸਤਗਾਸਾ ਪੱਖ ਨੇ ਦੋ ਗਵਾਹ ਪੇਸ਼ ਕੀਤੇ ਸਨ ਜੋ ਕਿ ਘਟਨਾ ਵਾਪਰਨ ਵੇਲੇ ਡਿਊਟੀ ਉਤੇ ਸਨ। ਉਨ੍ਹਾਂ ਇਕ ਹੈੱਡ ਕਾਂਸਟੇਬਲ ਤੇ ਇਕ ਕਾਂਸਟੇਬਲ ਨੂੰ ਗਵਾਹ ਵਜੋਂ ਪੇਸ਼ ਕੀਤਾ ਸੀ। ਪਰ ਹੈੱਡ ਕਾਂਸਟੇਬਲ ਮੁਲਜ਼ਮਾਂ ਨੂੰ ਪਛਾਣ ਨਹੀਂ ਸਕਿਆ।

ਜ਼ਿਕਰਯੋਗ ਹੈ ਕਿ ਫਰਵਰੀ, 2020 ਵਿਚ ਦਿੱਲੀ ਦੇ ਉੱਤਰ-ਪੂਰਬੀ ਹਿੱਸਿਆਂ ਵਿਚ ਫ਼ਿਰਕੂ ਹਿੰਸਾ ਹੋਈ ਸੀ। ਹਿੰਸਾ ਦੇ ਕਈ ਮਾਮਲਿਆਂ ਵਿਚ ਕੇਸ ਦਰਜ ਕੀਤੇ ਗਏ ਸਨ ਜਿਨ੍ਹਾਂ ਦੀ ਸੁਣਵਾਈ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੀ ਹੈ।