Punjab

ਨੌਕਰੀ ਦੇ ਨਾਂ ‘ਤੇ 800 ਲੋਕਾਂ ਨਾਲ ਕਰੋੜਾਂ ਦੀ ਠੱਗੀ ਦਾ ਮਾਮਲਾ, ਮੇਅਰ ਨੇ ਪ੍ਰਸ਼ਾਸਕ ਨੂੰ ਲਿਖਿਆ ਪੱਤਰ

ਚੰਡੀਗੜ੍ਹ : ਆਏ ਦਿਨ ਠੱਗੀ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੁੰਦੇ ਹਨ ਜਾਂ ਵਿਦੇਸ਼ ਜਾਣ ਦੇ ਮਾਮਲੇ ‘ਚ ਇਮੀਗ੍ਰੇਸ਼ਨ ਕੰਪਨੀਆਂ ਹੱਥੋਂ ਠੱਗੇ ਜਾਂਦੇ ਹਨ, ਉੱਥੇ ਹੀ ਹੁਣ ਸਰਕਾਰੀ ਵਿਭਾਗਾਂ ਅੰਦਰ ਵੀ ਨੌਕਰੀ ਕਰਨ ਦੇ ਨਾਮ ‘ਤੇ ਸੈਂਕੜੇ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਅਤੇ ਆਪਣੀ ਜਮ੍ਹਾ ਪੂੰਜੀ ਵੀ ਗੁਆ ਬੈਠੇ ਹਨ।

ਚੰਡੀਗੜ੍ਹ ਪੁਲਿਸ ਅਤਿ ਆਧੁਨਿਕ ਸਾਧਨਾਂ ਨਾਲ ਲੈਸ ਹੋਣ ਅਤੇ ਚੰਡੀਗੜ੍ਹ ‘ਚ ਅਪਰਾਧ ‘ਤੇ ਕਾਬੂ ਪਾਉਣ ਦੇ ਆਏ ਦਿਨ ਫੋਕੇ ਦਮਗਜੇ ਮਾਰਦੀ ਹੈ। ਜਦਕਿ ਉਨ੍ਹਾਂ ਦੇ ਨੱਕ ਦੇ ਨੀਚ ਹੀ ਖੁੱਲ੍ਹੇਆਮ ਸੈਂਕੜੇ ਲੋਕ ਆਏ ਦਿਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਪਰ ਪੁਲਿਸ ਅਤੇ ਅਧਿਕਾਰੀ ਬੇਖ਼ਬਰ ਹਨ।

ਹੁਣ ਚੰਡੀਗੜ੍ਹ ਦੇ ਮਲੋਆ ਅਤੇ ਉਸ ਦੀਆਂ ਆਸ-ਪਾਸ ਦੀਆਂ ਕਾਲੋਨੀਆਂ ਤੋਂ ਕਰੀਬ 800 ਲੋਕਾਂ ਨਾਲ 6 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪੀੜ੍ਹਤ ਲੋਕਾਂ ਵਲੋਂ ਸਕੱਤਰੇਤ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ।  ਲੋਕਾਂ ਨੇ ਦੋਸ਼ ਲਾਇਆ ਕਿ ਠੇਕੇਦਾਰ ਸਿਮਰ ਖੋਰਵਾਲ ਵਾਸੀ ਝਾਮਪੁਰ ਮੁਹਾਲੀ ਨੇ ਉਨ੍ਹਾਂ ਨੂੰ ਚੰਡੀਗੜ੍ਹ ਬਾਗਬਾਨੀ ਵਿਭਾਗ ’ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।

ਸਾਰਿਆਂ ਨੂੰ ਛੇ ਮਹੀਨਿਆਂ ਲਈ ਨੌਕਰੀ ‘ਤੇ ਰੱਖਿਆ ਗਿਆ ਸੀ, ਪਰ ਤਨਖ਼ਾਹ ਸਿਰਫ਼ ਇਕ ਮਹੀਨੇ ਦੀ ਦਿੱਤੀ ਗਈ ਸੀ। ਹੰਗਾਮਾ ਹੋਣ ਤੋਂ ਬਾਅਦ ਖੁਲਾਸਾ ਹੋਇਆ ਕਿ ਸਿਮਰ ਨੂੰ ਨਗਰ ਨਿਗਮ, ਬਾਗਬਾਨੀ ਜਾਂ ਕਿਸੇ ਹੋਰ ਸਰਕਾਰੀ ਵਿਭਾਗ ਤੋਂ ਕੋਈ ਟੈਂਡਰ ਨਹੀਂ ਮਿਲਿਆ ਹੈ।

ਬੀਤੀ ਦਿਨੀਂ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਸੈਕਟਰ-9 ਸਥਿਤ ਯੂਟੀ ਸਕੱਤਰੇਤ ਵਿਖੇ ਹੰਗਾਮੀ ਮੀਟਿੰਗ ਬੁਲਾਈ। ਇਸ ’ਚ ਨਗਰ ਨਿਗਮ ਦੇ ਇੰਜੀਨੀਅਰਿੰਗ ਵਿਭਾਗ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ’ਚ ਸਲਾਹਕਾਰ ਰਾਜੀਵ ਵਰਮਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ’ਚ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨਾਲ ਨੌਕਰੀਆਂ ਦੇ ਨਾਂ ‘ਤੇ ਠੱਗੀ ਮਾਰੀ ਗਈ ਹੈ।

ਉਨ੍ਹਾਂ ਕਿਹਾ 800 ਲੋਕ ਮੁਲਾਜ਼ਮਾਂ ਵਾਂਗ ਪੂਰੇ ਸ਼ਹਿਰ ’ਚ ਕੰਮ ਕਰਦੇ ਰਹੇ, ਪਰ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਫੀਲਡ ਸਟਾਫ਼ ਦੀ ਕੋਈ ਸਾਰ ਨਹੀਂ ਲੱਗੀ ਕਿਉਂ ?  ਨਗਰ ਨਿਗਮ ਵਲੋਂ ਦੱਸਿਆ ਗਿਆ ਕਿ ਜਿਸ ਥਾਂ ‘ਤੇ ਇਹ ਮੁਲਾਜ਼ਮ ਕੰਮ ਕਰ ਰਹੇ ਸਨ, ਉਹ ਨਗਰ ਨਿਗਮ ਦਾ ਇਲਾਕਾ ਨਹੀਂ ਹੈ। ਮੀਟਿੰਗ ਦੌਰਾਨ ਫੀਲਡ ’ਚ ਕੰਮ ਕਰਦੇ ਮੁਲਾਜ਼ਮਾਂ ਦੀ ਜੀਓ ਫੈਂਸਿੰਗ ਕਰਨ ਸਮੇਤ ਹੋਰ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਇਹ ਵੀ ਪੜ੍ਹੋ –  ਮਜੀਠੀਆ ਦਾ CM ਮਾਨ ‘ਤੇ ਤੰਜ਼, ਕਿਹਾ ਪ੍ਰਚਾਰ ਦੌਰਾਨ CM ਕਰਦੇ ਨੇ ਆਪਣਾ ਨੌਟੰਕੀ ਦਾ ਸ਼ੌਕ ਪੂਰਾ