Punjab

ਪੰਜਾਬ ‘ਚ 100 ਤੋਂ 119 ਸਾਲ ਦੀ ਉਮਰ ਦੇ 5 ਹਜ਼ਾਰ ਚਾਰ ਵੋਟਰ, ਇਨ੍ਹਾਂ ਵਿੱਚੋਂ ਜ਼ਿਆਦਾ ਔਰਤਾਂ

In Punjab, 5 thousand four voters aged 100 to 119 years, most of them women

ਚੰਡੀਗੜ੍ਹ : ਪੰਜਾਬ ਵਿੱਚ 5209 ਵੋਟਰ ਅਜਿਹੇ ਹਨ ਜਿਨ੍ਹਾਂ ਦੀ ਉਮਰ 100 ਸਾਲ ਤੋਂ ਉੱਪਰ ਹੈ। ਇਹ ਉਹ ਵੋਟਰ ਹਨ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਦੇਖਿਆ ਅਤੇ 1952 ਵਿਚ ਪਹਿਲੀ ਵਾਰ ਵੋਟਿੰਗ ਪ੍ਰਕਿਰਿਆ ਨੂੰ ਵੀ ਦੇਖਿਆ। ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 85 ਸਾਲ ਤੋਂ ਵੱਧ ਉਮਰ ਦੇ ਸਾਰੇ ਵੋਟਰ ਆਪਣੇ ਘਰ ਬੈਠੇ ਹੀ ਆਪਣੀ ਵੋਟ ਪਾ ਸਕਦੇ ਹਨ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ 100 ਤੋਂ 119 ਸਾਲ ਦੀ ਉਮਰ ਦੇ 5004 ਵੋਟਰ ਹਨ, ਜਦਕਿ 205 ਵੋਟਰ 120 ਸਾਲ ਤੋਂ ਵੱਧ ਉਮਰ ਦੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਨ੍ਹਾਂ 5209 ਵੋਟਰਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ। ਇਨ੍ਹਾਂ ਦੀ ਗਿਣਤੀ 3111 ਹੈ, ਜਦਕਿ ਮਰਦਾਂ ਦੀ ਗਿਣਤੀ 2098 ਹੈ।

1 ਮਾਰਚ, 2024 ਤੱਕ, 100 ਤੋਂ 109 ਸਾਲ ਦੀ ਉਮਰ ਸਮੂਹ ਵਿੱਚ 1917 ਪੁਰਸ਼ ਅਤੇ 2928 ਮਹਿਲਾ ਵੋਟਰ ਹਨ। 110 ਤੋਂ 119 ਸਾਲ ਦੀ ਉਮਰ ਦੇ ਵੋਟਰਾਂ ਵਿੱਚ 59 ਪੁਰਸ਼ ਅਤੇ 100 ਔਰਤਾਂ ਹਨ। ਇਸ ਤਰ੍ਹਾਂ 100 ਤੋਂ 119 ਸਾਲ ਦੀ ਉਮਰ ਦੇ ਵੋਟਰਾਂ ਦੀ ਕੁੱਲ ਗਿਣਤੀ 5004 ਹੋ ਜਾਂਦੀ ਹੈ। 120 ਸਾਲ ਤੋਂ ਵੱਧ ਉਮਰ ਦੇ 205 ਵੋਟਰਾਂ ਵਿੱਚੋਂ 122 ਪੁਰਸ਼ ਅਤੇ 83 ਮਹਿਲਾ ਵੋਟਰ ਹਨ।

ਲੁਧਿਆਣਾ ਵਿੱਚ ਸਭ ਤੋਂ ਵੱਧ ਬਜ਼ੁਰਗ ਹਨ

ਚੋਣ ਕਮਿਸ਼ਨ ਨੇ ਦੱਸਿਆ ਕਿ ਸਭ ਤੋਂ ਵੱਧ 120 ਸਾਲ ਤੋਂ ਵੱਧ ਉਮਰ ਦੇ ਮਰਦ ਅਤੇ ਔਰਤਾਂ ਲੁਧਿਆਣਾ ਜ਼ਿਲ੍ਹੇ ਵਿੱਚ ਹਨ। ਜਿਸ ਵਿੱਚ 77 ਪੁਰਸ਼ ਅਤੇ 34 ਔਰਤਾਂ ਸ਼ਾਮਲ ਹਨ। ਇਸ ਤੋਂ ਬਾਅਦ ਫ਼ਿਰੋਜ਼ਪੁਰ ਵਿੱਚ ਇਸ ਉਮਰ ਵਰਗ ਵਿੱਚ 24 ਮਰਦ ਅਤੇ 25 ਔਰਤਾਂ ਹਨ।

ਚੋਣ ਕਮਿਸ਼ਨ ਅਨੁਸਾਰ 1 ਮਾਰਚ 2024 ਤੱਕ ਸੂਬੇ ਵਿੱਚ ਕੁੱਲ 4 ਲੱਖ 89 ਹਜ਼ਾਰ 631 ਵੋਟਰ 18 ਤੋਂ 19 ਸਾਲ ਦੀ ਉਮਰ ਦੇ ਹਨ। ਇਨ੍ਹਾਂ ਵਿੱਚ 16 ਟਰਾਂਸਜੈਂਡਰ ਵੀ ਸ਼ਾਮਲ ਹਨ। ਜਦੋਂ ਕਿ 2 ਲੱਖ 93 ਹਜ਼ਾਰ 100 ਵੋਟਰ ਲੜਕੇ ਅਤੇ 1 ਲੱਖ 96 ਹਜ਼ਾਰ 515 ਵੋਟਰ ਲੜਕੀਆਂ ਹਨ। ਇਨ੍ਹਾਂ ਵਿੱਚ ਔਰਤਾਂ ਨਾਲੋਂ ਮਰਦਾਂ ਦੀ ਗਿਣਤੀ ਲਗਭਗ 1 ਲੱਖ ਵੱਧ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 11 ਲੱਖ 92 ਹਜ਼ਾਰ 959 ਪੁਰਸ਼ ਵੋਟਰ ਹਨ, ਜਦਕਿ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ। ਇਸ ਸਾਲ ਚੋਣ ਕਮਿਸ਼ਨ ‘ਇਹ ਜੰਗ 70 ਪਾਰ’ ਦੇ ਨਾਅਰੇ ਨਾਲ ਚੱਲ ਰਿਹਾ ਹੈ। ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਵਾਰ ਵੋਟਿੰਗ 70 ਫੀਸਦੀ ਤੋਂ ਵੱਧ ਹੋਵੇ। ਜਦੋਂ ਕਿ ਜੇਕਰ ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ 2019 ਵਿੱਚ 65.96% ਵੋਟਿੰਗ ਹੋਈ ਸੀ।