Punjab

ਪੰਜਾਬ ‘ਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਮਿਲੇਗਾ ਸਰਕਾਰ ਦਾ ਤੋਹਫਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 12ਵੀਂ ਜਮਾਤ ਦੇ 200 ਵਿਦਿਆਰਥੀਆਂ ਨੂੰ ਟ੍ਰੇਨਿੰਗ ਕਰਵਾਉਣ ਵਾਸਤੇ ਪੰਜ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। 12ਵੀਂ ਜਮਾਤ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿਲਚਸਪੀ ਅਨੁਸਾਰ ਵੱਖ-ਵੱਖ ਕੰਪਨੀਆਂ ਵਿੱਚ ਅਪਰੇਂਟਿਸਸ਼ਿਪ ਟ੍ਰੇਨਿੰਗ ਦਿੱਤੀ ਜਾਣੀ ਹੈ। ਟ੍ਰੇਨਿੰਗ ਦੌਰਾਨ ਵਿਭਾਗ ਅਤੇ ਕੰਪਨੀ ਵੱਲੋਂ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ 1 ਹਜ਼ਾਰ 250 ਰੁਪਏ ਵਜ਼ੀਫਾ ਦਿੱਤਾ ਜਾਵੇਗਾ। ਇਸ ਤਰ੍ਹਾਂ ਹਰੇਕ ਵਿਦਿਆਰਥੀ ਨੂੰ ਪ੍ਰਤੀ ਮਹੀਨਾ 2500 ਰੁਪਏ ਮਿਲਣਗੇ।

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਦੋ ਮਹੀਨਿਆਂ ਦੀ ਹੋਵੇਗੀ।  ਵਿਦਿਆਰਥੀਆਂ ਨੂੰ ਇਹ ਸਿਖਲਾਈ ਉਨ੍ਹਾਂ ਦੀ ਸਾਲਾਨਾ ਪ੍ਰੀਖਿਆ ਮੁਕੰਮਲ ਹੋਣ ਤੋਂ ਬਾਅਦ ਦਿੱਤੀ ਜਾਵੇਗੀ। ਇਸ ਵਾਸਤੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਕੋਲੋਂ ਸਹਿਮਤੀ ਫਾਰਮ ਭਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਪਰੇਂਟਿਸਸ਼ਿਪ ਦੇ ਦੋ ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਕੰਪਨੀ ਅਤੇ ਵਿਦਿਆਰਥੀ ਦੇ ਆਪਸੀ ਤਾਲਮੇਲ ਦੇ ਆਧਾਰ ’ਤੇ ਇਹ ਅਪਰੇਂਟਿਸਸ਼ਿਪ ਹੋਰ ਅੱਗੇ ਵਧਾਈ ਜਾ ਸਕਦੀ ਹੈ ਪਰ ਇਸ ਵਾਸਤੇ ਕੰਪਨੀ ਨੂੰ ਹੀ ਵਿਦਿਆਰਥੀ ਨੂੰ 2500 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦੇਣਾ ਪਵੇਗਾ।