Khetibadi Punjab

Budget 2023 : ਬਜਟ ‘ਚ ਕਿਸਾਨਾਂ ਹਿੱਸੇ ਆਈ ਨਿਰਾਸ਼ਾ , ਰੋਸ ਵਜੋਂ ਕਿਸਾਨਾਂ ਨੇ ਕਰ ਦਿੱਤਾ ਇਹ ਐਲਾਨ

In protest of the disappointment of the farmers in the budget it is announced to hold demonstrations across the state today

ਚੰਡੀਗੜ੍ਹ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ(Nirmala Sitharaman) ਵੱਲੋਂ ਪੇਸ਼ ਕੀਤੇ ਬਜ਼ਟ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਬਜਟ ਕਿਸਾਨਾਂ ਨਾਲ ਬਦਲੇ ਦੀ ਭਾਵਨਾ ਨਾਲ ਪੇਸ਼ ਕੀਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ 10ਵਾਂ ਬਜ਼ਟ ਹੈ, ਪਰ ਕਿਸਾਨਾਂ-ਮਜ਼ਦੂਰਾਂ ਹਿੱਸੇ ਇਸ ਵਾਰ ਵੀ ਨਿਰਾਸ਼ਾ ਹੀ ਆਈ ਹੈ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਜਿੱਤੇ ਗਏ ਕਿਸਾਨ ਅੰਦੋਲਨ ਨੂੰ ਲੈ ਕੇ ਇਸ ਬਜਟ ਵਿੱਚ ਕਿਸਾਨਾਂ ਨਾਲ ਵਿਤਕਰਾ ਕੀਤਾ ਗਿਆ ਹੈ ਅਤੇ ਬਦਲੇ ਦਾ ਭਾਵਨਾ ਜਿਤਾਈ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਪੇਸ਼ ਕੀਤੇ ਬਜਟ ਵਿੱਚ ਖੇਤੀ ਸੈਕਟਰ ਦੀਆਂ ਸਕੀਮਾਂ ਨੂੰ ਘਟਾਇਆ ਗਿਆ ਹੈ, ਸਿੱਖਿਆ ਦੇ ਖੇਤਰ ਵਿੱਚੋਂ ਪੈਸੇ ਘਟਾਏ ਗਏ ਹਨ।

ਕਿਸਾਨ ਆਗੂ ਨੇ ਕਿਹਾ ਕਿ ਬਜ਼ਟ ਦੌਰਾਨ ਮੰਤਰੀ ਨੇ ਬਿਨਾਂ ਕੋਈ ਵਿਸ਼ੇਸ਼ ਪੈਕੇਜ ਦਿੰਦਿਆਂ ਵਾਰ ਵਾਰ ਮੋਟੇ ਅਨਾਜ ਦੀ ਪੈਦਾਵਾਰ ਵਧਾਉਣ ‘ਤੇ ਜ਼ੋਰ ਦਿੱਤਾ ਹੈ, ਕਿਸਾਨ ਤਾਂ ਖ਼ੁਦ ਝੋਨੇ-ਕਣਕ ਦੇ ਫਸਲੀ ਚੱਕਰ ਤੋਂ ਨਿਕਲਣਾ ਚਾਹੁੰਦੇ ਹਨ, ਪਰ ਸਰਕਾਰ ਵੱਲੋਂ ਬਦਲਵੇਂ ਫਸਲੀ ਚੱਕਰ ਲਈ ਕੋਈ ਠੋਸ ਵਿਉਂਤਬੰਦੀ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਬਜਟ ਵਿੱਚ ਕਿਸਾਨ ਅਤੇ ਮਜ਼ਦੂਰਾਂ ਲਈ ਕੁਝ ਵੀ ਨਹੀਂ ਹੈ ਜਦਕਿ ਕੇਂਦਰ ਸਰਕਾਰ ਦੇ ਪਿਛਲੇ 10 ਸਾਲਾਂ ਤੋਂ ਇਹ ਕਹਿੰਦੀ ਆ ਰਹੀ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ, ਪ੍ਰੰਤੂ ਹੋਇਆ ਇਸਦੇ ਉਲਟ ਹੈ, ਵਧੇ ਖਰਚਿਆਂ ਕਾਰਨ ਕਿਸਾਨ ਲਗਾਤਾਰ ਘਾਟੇ ‘ਚ ਜਾ ਰਹੇ ਹਨ ਅਤੇ ਖ਼ੁਦਕੁਸ਼ੀਆਂ ਲਈ ਮਜਬੂਰ ਹਨ।

ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪੱਧਰੀ ਬਜ਼ਟ 2023 ਦੇ ਖਿਲਾਫ ਸੂਬੇ ਵਿੱਚ 13 ਜ਼ਿਲ੍ਹਿਆਂ ਵਿੱਚ 40 ਥਾਵਾਂ ‘ਤੇ ਕੇਂਦਰੀ ਖਜ਼ਾਨਾ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।

ਅਮਿ੍ੰਤਸਰ ‘ਚ 7  ,ਤਰਨਤਾਰਨ ‘ਚ  2  ,ਗੁਰਦਾਸਪੁਰ ‘ਚ  7  ,ਫਿਰੋਜ਼ਪੁਰ ‘ਚ 9  , ਫਰੀਦਕੋਟ ‘ਚ 1  ਮੁਕਤਸਰ ‘ਚ  1 , ਮਾਨਸਾ ‘ਚ 1  , ਮੋਗਾ ‘ਚ 1   ,ਲੁਧਿਆਣਾ ‘ਚ 1, ਹੁਸ਼ਿਆਰਪੁਰ ‘ਚ 6  , ਜਲੰਧਰ ‘ਚ 1 ਅਤੇ ਕਪੂਰਥਲਾ -‘ਚ  2 ਥਾਵਾਂ ‘ਤੇ ਭਾਰਤ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।