Punjab

ਪੰਜਾਬ ਸਰਕਾਰ ਨੇ ਲਾਹੀ PGI ਦੀ ਦੇਣਦਾਰੀ

ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਪੀਜੀਆਈ ਚੰਡੀਗੜ੍ਹ ‘ਚ ਅੱਜ ਤੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਮੁੜ ਤੋਂ ਸ਼ੁਰੂ ਹੋ ਜਾਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਪੀਜੀਆਈ  ਨੂੰ ਸੱਤ ਮਹੀਨਿਆਂ ਦਾ 16 ਕਰੋੜ ਦਾ ਬਕਾਏ ਅਦਾ ਨਹੀਂ ਕਰ ਸਕੀ ਸੀ ਜਿਸ ਕਾਰਨ PGI ਵੱਲੋਂ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ।ਇਸ ਸਕੀਮ ਤਹਿਤ PGI ਚੰਡੀਗੜ੍ਹ ਪੰਜਾਬ ਦੇ 1200 ਤੋਂ 1400 ਮਰੀਜ਼ਾਂ ਦਾ ਇਲਾਜ ਕਰਦਾ ਹੈ। ਦੂਜੇ ਬੰਨੇ ਪੀਜੀਆਈ ਦੇ ਇੱਕ ਬੁਲਾਰੇ ਨੇ ਹਾਲੇ ਤੱਕ ਪੈਸੇ ਨਾ ਮਿਲਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਨਿੱਜੀ ਹਸਪਤਾਲ ਵੀ ਯੋਜਨਾ ਤਹਿਤ ਮਰੀਜ਼ਾ ਦੇ ਮੁਫਤ ਇਲਾਜ ਕਰਨ ਤੋਂ ਮਨਾਂ ਕਰ ਚੁੱਕੇ ਹਨ।  

ਪੀਜੀਆਈ ‘ਚ ਬੰਦ ਆਯੁਸ਼ਮਾਨ ਬਾਰਤ ਯੋਜਨਾ ਸਕੀਮ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਕੱਲ੍ਹ ਤੋਂ ਪੀਜੀਆਈ ਚੰਡੀਗੜ੍ਹ ਵਿੱਚ ਪੰਜਾਬ ਦੇ ਲੋਕਾਂ ਲਈ ਆਯੂਸ਼ਮਾਨ ਸਕੀਮ ਦੇ ਜ਼ਰਿਏ ਇਲਾਜ ਸ਼ੁਰੂ ਹੋ ਜਾਵੇਗਾ। ਉਹਨਾਂ ਨੇ ਇਹ ਬਿਆਨ ਵਿਸ਼ਵ ਵਾਰਤਾ ਨਾਲ ਗੱਲਬਾਤ ਕਰਦਿਆਂ ਦਿੱਤਾ।  ਉਨ੍ਹਾਂ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਪੀਜੀਆਈ ਨੂੰ ਬਕਾਇਆ ਰਕਮ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਨੂੰ ਵੀ ਜੋ ਬਕਾਇਆ ਰਾਸ਼ੀ ਸੀ ਉਹ ਜਾਰੀ ਕਰ ਦਿੱਤੀ ਗਈ ਹੈ। 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਦੱਸ ਦੱਈਏ ਕਿ ਪੀਜੀਆਈ ਨੇ ਪੰਜਾਬ ਸਰਕਾਰ ਦੀ ਕਈ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਕਾਰਨ ਪੰਜਾਬ ਦੇ ਮਰੀਜ਼ਾਂ ਦਾ ਇਲਾਜ 1 ਅਗਸਤ ਤੋਂ ਬੰਦ ਕਰ ਦਿੱਤਾ ਸੀ। ਜਿਸ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਪੰਜਾਬ ਸਰਕਾਰ ਪੀਜੀਆਈ ਚੰਡੀਗੜ੍ਹ ਨੂੰ 16 ਕਰੋੜ ਦੇ ਸੱਤ ਮਹੀਨਿਆਂ ਦੇ ਬਕਾਏ ਅਦਾ ਨਹੀਂ ਕਰ ਸਕੀ ਸੀ ਜਿਸ ਕਰਕੇ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ ਜਿੰਨਾਂ ਲੋਕਾਂ ਦਾ ਇਲਾਜ PGI ਵਿੱਚ ਹੁੰਦਾ ਸੀ ਹਸਪਤਾਲ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਮਨਾ ਕਰ ਕਰ ਦਿੱਤਾ ਸੀ ।

ਪੀਜੀਆਈ ਦੇ ਡਿਪਟੀ ਡਾਇਰੈਕਟਰ ਗੌਰਵ ਧਵਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਾਲ ਕੌਮੀ ਹੈਲਥ ਅਥਾਰਿਟੀ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਸੂਬਾ ਸਰਕਾਰ ਨੇ ਬਕਾਇਆ 16 ਕਰੋੜ ਨਹੀਂ ਦਿੱਤਾ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਰਕਾਰੀ ਮੈਡੀਕਲ ਕਾਲਜ ਨੇ ਵੀ ਮਾਰਚ ਮਹੀਨੇ ਤੋਂ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਸੀ।

ਦੱਸ ਦਈਏ ਕਿ ਹਰ ਮਹੀਨੇ PGI ਚੰਡੀਗੜ੍ਹ ਵਿੱਚ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ 1200 ਤੋਂ 1400 ਮਰੀਜ਼ ਇਲਾਜ ਲਈ ਆਉਂਦੇ ਹਨ ਪਰ 16 ਕਰੋੜ ਨਾ ਮਿਲਣ ਦੀ ਵਜ੍ਹਾ ਕਰਕੇ PGI ਨੇ ਇੰਸ਼ੋਰੈਂਸ ਸਕੀਮ ਅਧੀਨ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਤੋਂ PGI ਵਿੱਚ ਚੰਗੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਸੀ। PGI ਨੇ 21 ਦਸੰਬਰ 2021 ਨੂੰ 16 ਕਰੋੜ ਦਾ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਹੀਂ । ਇਸੇ ਲਈ 1 ਅਗਸਤ ਤੋਂ PGI ਨੇ ਪੰਜਾਬ ਦੇ ਵਸਨੀਕਾਂ ਦੇ ਲਈ ਆਯੂਸ਼ਮਾਨ ਸਕੀਮ ਅਧੀਨ ਇਲਾਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਜਿਹੜੇ ਵੀ ਮਰੀਜ਼ਾਂ ਨੂੰ PGI ਇਲਾਜ ਕਰਵਾਉਣਾ ਹੈ ਉਨ੍ਹਾਂ ਨੂੰ ਹੁਣ ਪੂਰਾ ਖਰਚ ਚੁੱਕਣਾ ਹੋਵੇਗਾ ਜਦਕਿ ਦੂਜੇ ਸੂਬਿਆਂ ਦੇ ਮਰੀਜ਼ਾਂ ਦਾ ਆਯੂਸ਼ਮਾਨ ਭਾਰਤ ਸਕੀਮ ਅਧੀਨ PGI ਵਿੱਚ ਇਲਾਜ ਹੁੰਦਾ ਰਹੇਗਾ ।