International

ਨਿਊਜ਼ਲੈਂਡ ‘ਚ ਇੱਕ ਵਿਅਕਤੀ ਦੀ ਸਕੇ ਭਰਾ ਦੇ ਸੰਪਰਕ ‘ਚ ਆਉਣ ਕਾਰਨ ਕੋਰੋਨਾ ਨਾਲ ਹੋਈ ਮੌਤ

‘ਦ ਖ਼ਾਲਸ ਬਿਊਰੋ ( ਔਕਲੈਂਡ ) :- ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਖੇਤਰ ਵਿੱਚ ਲਾਕਡਾਊਨ 2.5 ਤੇ ਬਾਕੀ ਦੇਸ਼ ‘ਚ ਲਾਕਡਾਊਨ 2 ਚੱਲ ਰਿਹਾ ਹੈ। ਸਰਕਾਰ ਇਸ ਕੋਸ਼ਿਸ਼ ਵਿੱਚ ਹੈ ਕਿ ਤਿੰਨ ਮਹੀਨੇ ਬਾਅਦ ਕੋਰੋਨਾ ਦੀ ਦੁਬਾਰਾ ਆਈ ਉਛਾਲ ਨੂੰ ਕਿਸੇ ਵੀ ਤਰ੍ਹਾਂ ਖਤਮ ਕੀਤਾ ਜਾਵੇ ਪਰ ਇਸਦੇ ਬਾਵਜੂਦ ਕੋਈ ਨਾ ਕੋਈ ਕੇਸ ਨਿਕਲ ਹੀ ਆਉਂਦਾ ਹੈ। ਜਿਸ ਕਾਰਨ ਦੁਬਈ ਤੋਂ ਆਈ 30 ਸਾਲਾ ਮਹਿਲਾ ਨਾਲ ਸਬੰਧਿਤ ਇੱਕ ਹੋਰ ਨਵਾਂ ਕੇਸ ਸਾਹਮਣੇ ਆਇਆ ਅਤੇ ਦੂਜੇ ਪਾਸੇ 54 ਸਾਲਾ ਵਿਅਕਤੀ ਦੀ ਵਾਇਕਾਟੋ ਹਸਪਤਾਲ ਹਮਿਲਟਨ ਵਿਖੇ ਮੌਤ ਹੋ ਗਈ। ਜਿਸ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।

ਮਰਨ ਵਾਲੇ ਵਿਅਕਤੀ ਦਾ ਨਾਂ ਨਾਈਜ਼ਲ ਹਈਰਾਮਾ ਟੀ ਹੀਕੋ ਸੀ। ਇਸ ਦੀ ਮੌਤ ਉਸ ਦੇ ਵੱਡੇ ਭਰਾ ਦੀ ਮਿਡਲਮੋਰ ਹਸਪਤਾਲ ‘ਚ ਮੌਤ ਹੋਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਹੋਈ ਹੈ। ਹੀਕੋ, ਇੱਕ ਸਤਿਕਾਰਤ ਰਾਉਕਾਵਾ ਆਗੂ ਅਤੇ ਇਤਿਹਾਸਕਾਰ ਸੀ, ਅਤੇ ਟੋਕਰੋਆ ਵਿੱਚ ਰਹਿੰਦਾ ਸੀ। ਉਹ ਆਪਣੇ ਭਰਾ ਦੇ ਸੰਪਰਕ ਵਿੱਚ ਆਉਣ ਨਾਲ ਵਾਇਰਸ ਤੋਂ ਸੰਕਰਮਿਤ ਹੋਇਆ ਸੀ, ਜੋ ਅਮੇਰਿਕੋਲਡ ਵਿਖੇ ਕੰਮ ਕਰਦਾ ਸੀ। ਉਹ ਔਕਲੈਂਡ ਕਲੱਸਟਰ ਦਾ ਹਿੱਸਾ ਬਣਿਆ ਸੀ। ਉਸ ਦੇ ਭਰਾ ਦਾ 5 ਸਤੰਬਰ ਨੂੰ ਦੇਹਾਂਤ ਹੋਇਆ ਸੀ।

ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 79 ਰਹਿ ਗਈ ਹੈ, ਜਿਨਾਂ ਵਿੱਚੋਂ 53 ਕੇਸ ਕਮਿਊਨਿਟੀ ਤੇ 26 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੋਵਿਡ -19 ਤੋਂ 4 ਵਿਅਕਤੀ ਠੀਕ ਹੋਏ ਹਨ। ਕੱਲ੍ਹ ਲੈਬ ਵੱਲੋਂ ਲਗਭਗ 9,000 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 881,532 ਟੈੱਸਟ ਪੂਰੇ ਹੋ ਗਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1802  ਕੇਸ ਹਨ। ਜਿਨ੍ਹਾਂ ਵਿੱਚੋਂ 1,451 ਪੁਸ਼ਟੀ ਕੀਤੇ ਗਏ ਤੇ 351 ਸੰਭਾਵਿਤ ਰਹੇ ਹਨ। ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1698 ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ  ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਹਨ।

Comments are closed.