Punjab

ਮੋਹਾਲੀ: ਛੋਟੇ ਭਰਾ ਦਾ ਕਾਰਨਾਮਾ, ਵੱਡੇ ਭਰਾ, ਭਰਜਾਈ ਅਤੇ ਦੋ ਸਾਲਾ ਮਾਸੂਮ ਨਾਲ ਕੀਤਾ ਦਿਲ ਦਹਿਲਾਉਣ ਵਾਲਾ ਕਾਰਾ…

In Mohali, the younger brother killed his brother-in-law and nephew, the bodies were thrown in the canal

ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਖਰੜ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤੀਹਰੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਹੈ। ਪਰਿਵਾਰਕ ਝਗੜੇ ਕਾਰਨ ਕਥਿਤ ਦੋਸ਼ੀ ਲਖਬੀਰ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਮੁਲਜ਼ਮ ਲਖਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਸਬੰਧੀ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਘਟਨਾ ਵੀਰਵਾਰ ਨੂੰ ਖਰੜ ਦੇ ਝੁੱਗੀਆਂ ਰੋਡ ‘ਤੇ ਸਥਿਤ ਇਕ ਘਰ ‘ਚ ਵਾਪਰੀ। ਰਾਤ ਕਰੀਬ 10 ਵਜੇ ਕਤਲ ਦਾ ਪਤਾ ਲੱਗਾ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਦੋਸ਼ੀ ਨੇ ਉਸ ਦੇ ਵੱਡੇ ਭਰਾ ਸਤਬੀਰ ਸਿੰਘ (32), ਉਸ ਦੀ ਪਤਨੀ ਅਮਨਦੀਪ ਕੌਰ (29) ਅਤੇ ਉਨ੍ਹਾਂ ਦੇ ਦੋ ਸਾਲ ਦੇ ਬੇਟੇ ਅਨਹਦ ਦਾ ਕਤਲ ਕਰ ਦਿੱਤਾ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਪਹਿਲਾਂ ਆਪਣੀ ਭਰਜਾਈ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਜਿਵੇਂ ਹੀ ਉਸ ਦਾ ਭਰਾ ਡਿਊਟੀ ਤੋਂ ਬਾਅਦ ਘਰ ਪਹੁੰਚਿਆ ਤਾਂ ਉਸ ਨੇ ਕੁਹਾੜੀ ਨਾਲ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਦੋਵੇਂ ਲਾਸ਼ਾਂ ਨੂੰ ਭਰਾ ਦੀ ਸਵਿਫ਼ਟ ਕਾਰ ਵਿੱਚ ਰੱਖ ਕੇ ਰੋਪੜ ਨਹਿਰ ਵਿੱਚ ਸੁੱਟ ਦਿੱਤਾ ਗਿਆ। ਇਸੇ ਤਰ੍ਹਾਂ ਇੱਕ 2 ਸਾਲ ਦੇ ਮਾਸੂਮ ਬੱਚੇ ਨੂੰ ਜ਼ਿੰਦਾ ਮੋਰਿੰਡਾ ਨਹਿਰ ਵਿੱਚ ਸੁੱਟ ਦਿੱਤਾ ਗਿਆ। ਹਾਲਾਂਕਿ ਇਸ ਪੂਰੇ ਮਾਮਲੇ ‘ਚ ਦੋਸ਼ੀ ਲਖਬੀਰ ਦੇ ਸਾਥੀ ਗੁਰਦੀਪ ਸਿੰਘ ਨੇ ਵੀ ਉਸ ਦਾ ਸਾਥ ਦਿੱਤਾ ਹੈ, ਜੋ ਕਿ ਫ਼ਰਾਰ ਦੱਸਿਆ ਜਾਂਦਾ ਹੈ।

ਪੁਲਿਸ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਐੱਫ਼ ਆਈ ਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਧਾਰਾ 302, 34 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਲਹਾਲ ਦੋਸ਼ੀ ਲਖਵਿੰਦਰ ਆਪਣਾ ਪੂਰਾ ਬਿਆਨ ਦਰਜ ਕਰਨ ਤੋਂ ਅਸਮਰਥ ਹੈ। ਪਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਭ ਪਰਿਵਾਰਕ ਝਗੜੇ ਕਾਰਨ ਹੋਇਆ ਹੈ। ਪਰ ਤੀਹਰੇ ਕਤਲ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਸ ਤੀਹਰੇ ਕਤਲ ਕਾਂਡ ਵਿੱਚ ਖਰੜ ਦੇ ਡੀ ਐੱਸ ਪੀ ਕਰਨ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਦਾ ਪਰਿਵਾਰਕ ਕਲੇਸ਼ ਹੈ। ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।