ਸੋਹਾਣਾ : ਮਾਸਟਰ ਕੇਡਰ ਵਿਚ ਆਈਆਂ 168 ਡੀਪੀਈ ਦੀਆਂ ਪੋਸਟਾਂ ਦੇ ਨਿਯੁਕਤੀ ਪੱਤਰ ਨਾ ਦਿੱਤੇ ਜਾਣ ਤੇ ਬੇਲੋੜੀਆਂ ਸ਼ਰਤਾਂ ਰੱਖੇ ਜਾਣ ਕਾਰਨ ਸਾਰੇ ਉਮੀਦਵਾਰਾਂ ਵੱਲੋਂ ਸੋਹਾਣਾ ਵਿੱਚ ਲਾਇਆ ਗਿਆ ਧਰਨਾ ਲਗਾਤਾਰ ਜਾਰੀ ਹੈ । ਅੱਜ ਟੈਂਕੀ ‘ਤੇ ਚੜ੍ਹੇ ਦੋ ਅਧਿਆਪਕਾਂ ਦੀ ਹਾਲਤ ਗੰਭੀਰ ਹੋ ਗਈ ਤੇ ਇੱਕ ਪ੍ਰਦਰਸ਼ਨਕਾਰੀ ਨੇ ਉੱਤੇ ਤੇਲ ਪਾ ਕੇ ਆਤਮਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ।
ਜਿਸ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕਰ ਕੇ ਉਹਨਾਂ ਨੂੰ ਟੈਂਕੀ ਤੋਂ ਥੱਲੇ ਉਤਾਰਿਆ ਗਿਆ ਅਤੇ ਹਾਲਤ ਗੰਭੀਰ ਹੋਣ ਕਰਕੇ 6 ਫੇਜ਼ ,ਸਿਵਿਲ ਹਸਪਤਾਲ ਮੁਹਾਲੀ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਪਹਿਲਾਂ ਕੱਲ ਵੀ ਸਿਖਿਆ ਮੰਤਰੀ ਦੇ ਓ. ਐੱਸ. ਡੀ ਨਾਲ ਮੀਟਿੰਗ ਹੋਈ ਸੀ,ਜੋ ਕਿ ਬੇਸਿੱਟਾ ਰਹੀ ਸੀ ।
ਜਿਸ ਤੋਂ ਬਾਅਦ ਅੱਕ ਕੇ ਸਾਰੇ ਧਰਨਾਕਾਰੀਆਂ ਵੱਲੋਂ ਏਅਰਪੋਰਟ ਰੋਡ 2 ਘੰਟਿਆਂ ਲਈ ਜਾਮ ਕਰ ਦਿੱਤਾ ਗਿਆ। ਤੇ ਡੀਐੱਸਪੀ ਮੁਹਾਲੀ ਵੱਲੋਂ ਭਰੋਸਾ ਦਿਵਾਏ ਜਾਣ ਤੋਂ ਬਾਅਦ ਸੜਕ ਤੋਂ ਧਰਨਾ ਚੱਕ ਲਿਆ ਗਿਆ ਤੇ ਪਾਣੀ ਵਾਲੀ ਟੈਂਕੀ ਕੋਲ ਦੁਬਾਰਾ ਲੱਗਾ ਦਿੱਤਾ ਗਿਆ ।
ਜ਼ਿਕਰਯੋਗ ਹੈ ਕਿ ਭਰਤੀ ਬੋਰਡ ਵਲੋ ਪੀਐੱਸ ਟੈਟ ਮੰਗਣ ਕਰਕੇ ਸਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ ਤੇ ਨਾ ਹੀ ਕਿਸੇ ਵੀ ਵਿਭਾਗ ਵੱਲੋਂ ਅੱਜ ਤੱਕ ਸਰੀਰਕ ਸਿਖਿਆ ਵਿਸ਼ੇ ਨਾਲ ਸੰਬੰਧਤ ਕੋਈ ਵੀ ਪੀਐੱਸ ਟੈਟ ਕਰਵਾਇਆ ਗਿਆ ਹੈ । ਇਸ ਸ਼ਰਤ ਨੂੰ ਖਾਰਿਜ ਕਰਵਾਉਣ ਲਈ ਸੋਹਣਾ ਸਾਹਿਬ ਚੌਂਕ ਵਿੱਚ 9 ਜਨਵਰੀ ਤੋਂ ਲਗਾਤਾਰ ਧਰਨਾ ਜਾਰੀ ਹੈ ਤੇ ਕੁੱਝ ਧਰਨਾਕਾਰੀ ਪਾਣੀ ਦੀ ਟੈਂਕੀ ‘ਤੇ ਵੀ ਚੜ੍ਹ ਹੋਏ ਸੀ ਤੇ ਉਹਨਾਂ ਵਿੱਚੋਂ ਹੀ ਅੱਜ 2 ਜਾਣਿਆਂ ਦੀ ਸਿਹਤ ਖਰਾਬ ਹੋਣ ਕਾਰਨ ਅੱਜ ਹਸਪਤਾਲ ਦਾਖਲ ਕਰਾਇਆ ਗਿਆ ਹੈ।