ਮੋਗਾ : ਸੂਬੇ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹਾ ਇੱਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਹਿਰ ਦੇ ਬਾਈਪਾਸ ਨੇੜੇ ਖਾਲੀ ਪਲਾਟਾਂ ਵਿੱਚੋਂ 25 ਸਾਲਾ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪਿੰਡ ਬੁੱਘੀਪੁਰਾ ਵਜੋਂ ਹੋਈ ਹੈ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਲਗਪਗ ਤਿੰਨ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ।
ਡੀਐੱਸਪੀ ਧਰਮਕੋਟ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਾਥੀ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਜੋ ਨਸ਼ਾ ਕਰਨ ਮੌਕੇ ਉਸ ਦੇ ਨਾਲ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੋਗਾ-ਬਰਨਾਲਾ ਹਾਈਵੇਅ ’ਤੇ ਲਾਸ਼ ਰੱਖ ਕੇ ਧਰਨਾ ਲਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਦੇ ਦਿੱਤੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੇ ਦੋਸਤ ਮੁਤਾਬਕ ਬੀਤੀ ਰਾਤ ਉਹ ਦੋਵੇਂ ਨਸ਼ੇ ਦਾ ਟੀਕਾ ਲਾ ਕੇ ਪਲਾਟ ’ਚ ਸੌਂ ਗਏ। ਸਵੇਰੇ ਉੱਠ ਕੇ ਜਦੋਂ ਉਸ ਨੇ ਅਮਨਦੀਪ ਨੂੰ ਉਠਾਇਆ ਤਾਂ ਉਹ ਨਹੀਂ ਉੱਠਿਆ। ਜ਼ਿਕਰਯੋਗ ਹੈ ਕਿ ਮਾਲਵੇ ਵਿੱਚ ਸਭ ਤੋਂ ਵੱਧ ਨਸ਼ੇ ਦਾ ਜ਼ਹਿਰ ਫੈਲਿਆ ਹੈ। ਸਰਕਾਰ ਦੇ ਨਸ਼ੇ ’ਤੇ ਨਕੇਲ ਕੱਸਣ ਦੇ ਦਾਅਵਿਆਂ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ।