ਮੈਮਫ਼ਿਸ : ਅਮਰੀਕਾ ਦੇ ਟੈਨੇਸੀ ਸੂਬੇ ਦੇ ਮੈਮਫ਼ਿਸ ‘ਚ ਇੱਕ ਵਿਅਕਤੀ ਨੇ ਕੁਝ ਲੋਕਾਂ ਉੱਤੇ ਅੰਨੇਵਾਹ ਗੋਲੀਬਾਰੀ ਕੀਤੀ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ। ਹਮਲਾਵਰ ਦੀ ਉਮਰ ਮਹਿਜ਼ 19 ਸਾਲ ਹੈ ਅਤੇ ਉਸਦੀ ਪਛਾਣ ਐਜ਼ਕੀਲ ਕੈਲੀ (Ezekiel Kelly) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ।

ਕੈਲੀ ਨੇ ਇਸ ਘਟਨਾ ਨੂੰ ਫੇਸਬੁੱਕ ‘ਤੇ ਲਾਈਵ ਸਟ੍ਰੀਮ ਵੀ ਕੀਤਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਮੈਮਫ਼ਿਸ ਸ਼ਹਿਰ ਵਿਚ ਇੱਧਰ ਉਧਰ ਘੁੰਮਦੇ ਹੋਏ ਅੰਨ੍ਹੇਵਾਹ ਗੋਲੀਆਂ ਚਲਾਈਆਂ। ਅਧਿਕਾਰੀ ਨੇ ਕਿਹਾ ਕਿ ਉਹ ਹਮਲਾ ਕਰਨ ਦੇ ਕਾਫ਼ੀ ਦੇਰ ਬਾਅਦ ਫੜਿਆ ਗਿਆ ਹੈ। ਸਾਨੂੰ ਉਸ ਨੂੰ ਫੜਨ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਹ ਵਾਰ-ਵਾਰ ਕਾਰਾਂ ਬਦਲਦਾ ਰਹਿੰਦਾ ਸੀ। ਉਸ ਨੂੰ ਪਹਿਲੀ ਵਾਰ ਨੀਲੇ ਰੰਗ ਦੀ ਕਾਰ ਵਿੱਚ ਦੇਖਿਆ ਗਿਆ ਸੀ। ਉਸ ਨੂੰ ਆਖਰੀ ਵਾਰ ਸਲੇਟੀ ਰੰਗ ਦੀ ਕਾਰ ਵਿੱਚ ਦੇਖਿਆ ਗਿਆ ਸੀ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਅਸੀਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।