ਲੁਧਿਆਣਾ ‘ਚ ਗੈਸ ਸਿਲੰਡਰ ਦੇਣ ਤੋਂ ਇਨਕਾਰ ਕਰਨ ‘ਤੇ ਕੁਝ ਲੋਕਾਂ ਨੇ ਸਿਲੰਡਰ ਡਿਲੀਵਰੀ ਕਰਨ ਵਾਲੇ ਦੀ ਕੁੱਟਮਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਥਾਣੇ ਦਾ ਘਿਰਾਓ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਲੁਧਿਆਣਾ ਦਾ ਦੋ ਦਿਨ ਪੁਰਾਣਾ ਹੈ, ਜਿਸ ਦੀ ਸੀਸੀਟੀਵੀ ਫੁਟੇਜ ਸ਼ਨੀਵਾਰ ਨੂੰ ਸਾਹਮਣੇ ਆਈ ਹੈ। ਵੀਡੀਓ ‘ਚ ਕੁਝ ਲੋਕ ਖੁੱਲ੍ਹੇਆਮ ਗੈਸ ਸਿਲੰਡਰ ਡਿਲੀਵਰੀ ਕਰਨ ਵਾਲੇ ਨੂੰ ਕੁੱਟ ਰਹੇ ਹਨ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਇਹ ਸੀਸੀਟੀਵੀ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਿਆ ਹੈ।
2 ਅਕਤੂਬਰ ਤੋਂ ਦਾਖਲ ਕਰਵਾਇਆ ਗਿਆ ਸੀ
ਕੁੱਟਮਾਰ ਕਾਰਨ ਜ਼ਖ਼ਮੀ ਹੋਏ ਨੌਜਵਾਨ ਰਮੇਸ਼ ਕੁਮਾਰ ਨੂੰ 2 ਅਕਤੂਬਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ | ਮ੍ਰਿਤਕ ਦੇ ਭਰਾ ਸਬੁਧ ਚੌਧਰੀ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਤਨੀ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀਆਂ ਚਾਰ ਬੇਟੀਆਂ ਹਨ, ਜਿਨ੍ਹਾਂ ‘ਚੋਂ ਇਕ ਅਪਾਹਜ ਹੈ ਅਤੇ ਵੱਡੀ ਬੇਟੀ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ
ਸਿਲੰਡਰ ਦੇਣ ਨੂੰ ਲੈ ਕੇ ਵਿਵਾਦ
ਮ੍ਰਿਤਕ ਰਮੇਸ਼ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਕਾਫੀ ਸਮੇਂ ਤੋਂ ਗੈਸ ਏਜੰਸੀ ‘ਤੇ ਕੰਮ ਕਰਦਾ ਸੀ ਅਤੇ ਗੈਸ ਸਿਲੰਡਰ ਦੀ ਡਿਲੀਵਰੀ ਕਰਦਾ ਸੀ। ਕੁਝ ਲੋਕਾਂ ਨੇ ਉਸ ਨੂੰ ਜ਼ਬਰਦਸਤੀ ਸਿਲੰਡਰ ਦੇਣ ਲਈ ਕਿਹਾ ਅਤੇ ਜਦੋਂ ਉਸ ਨੇ ਨਾਂਹ ਕਰ ਦਿੱਤੀ ਤਾਂ ਗੁੱਸੇ ਵਿਚ ਆਏ ਦੋਸ਼ੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਥਾਣਾ ਸਦਰ ਦੇ ਐਸਐਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਸੀਸੀਟੀਵੀ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।