Punjab

ਲੁਧਿਆਣਾ ‘ਚ ਸ਼ਰਾਬੀ ਡਰਾਇਵਰ ਨੇ ਅੱਧਾ ਘੰਟਾ ਰੇਲਵੇ ਟ੍ਰੈਕ ‘ਤੇ ਚਲਾਇਆ ਟਰੱਕ….

In Ludhiana, a drunk driver drove a truck on the railway track for half an hour.

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਰੀਬ 5 ਤੋਂ 7 ਕਿੱਲੋਮੀਟਰ ਦੂਰ ਐਸਪੀਐਸ ਹਸਪਤਾਲ ਦੇ ਸਾਹਮਣੇ ਇੱਕ ਸ਼ਰਾਬੀ ਡਰਾਈਵਰ ਨੇ ਰੇਲ ਪਟੜੀ ‘ਤੇ ਟਰੱਕ ਚੜ੍ਹਾ ਦਿੱਤਾ। ਗਿਆਸਪੁਰਾ ਫਾਟਕ ਤੋਂ ਗ਼ਲਤ ਸਾਈਡ ‘ਤੇ ਦਾਖਲ ਹੋਣ ਤੋਂ ਬਾਅਦ ਟਰੱਕ ਕਰੀਬ ਅੱਧਾ ਘੰਟਾ 1 ਕਿੱਲੋਮੀਟਰ ਤੱਕ ਰੇਲਵੇ ਟਰੈਕ ‘ਤੇ ਚਲਾਇਆ ਗਿਆ। ਇਸ ਤੋਂ ਬਾਅਦ ਰਣਜੀਤ ਟਰੱਕ ਸ਼ਹਿਰ ਨੇੜੇ ਛੱਡ ਕੇ ਭੱਜ ਗਿਆ।

ਇਸੇ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਈ ਰੇਲ ਗੱਡੀ ਗੋਲਡ ਟੈਂਪਲ ਐਕਸਪ੍ਰੈੱਸ ਅਜੇ ਗਿਆਸਪੁਰਾ ਫਾਟਕ ਤੋਂ ਕੁਝ ਦੂਰੀ ’ਤੇ ਹੀ ਸੀ ਕਿ ਕਿਸੇ ਨੇ ਰੇਲਵੇ ਸਟੇਸ਼ਨ ’ਤੇ ਰੇਲਵੇ ਲਾਈਨ ’ਤੇ ਟਰੱਕ ਖੜ੍ਹੇ ਹੋਣ ਦੀ ਸੂਚਨਾ ਦਿੱਤੀ। ਜਦੋਂ ਤੱਕ ਇਹ ਸੂਚਨਾ ਰੇਲਵੇ ਅਧਿਕਾਰੀਆਂ ਤੱਕ ਪਹੁੰਚੀ, ਉਦੋਂ ਤੱਕ ਟਰੇਨ ਟਰੱਕ ਦੇ ਕਾਫੀ ਨੇੜੇ ਆ ਚੁੱਕੀ ਸੀ।
ਲੋਕੋ ਪਾਇਲਟ ਨੇ ਟਰੇਨ ਦੀ ਰਫ਼ਤਾਰ ਘੱਟ ਕਰ ਦਿੱਤੀ। ਇਸ ਦੌਰਾਨ ਟਰੇਨ ਨੇ ਟਰੱਕ ਨਾਲ ਖਹਿ ਗਈ। ਖ਼ੁਸ਼ਕਿਸਮਤੀ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਟਰੇਨ ਦੇ ਅੰਦਰੋਂ ਯਾਤਰੀ ਰੇਲਵੇ ਟਰੈਕ ‘ਤੇ ਖੜ੍ਹੇ ਟਰੱਕ ਦੀ ਵੀਡੀਓ ਵੀ ਬਣਾਉਂਦੇ ਰਹੇ।

ਜੀਆਰਪੀ ਦੇ ਐਸਪੀ ਬਲਰਾਮ ਰਾਣਾ ਅਤੇ ਐਸਐਚਓ ਜਤਿੰਦਰ ਤੁਰੰਤ ਪੁਲੀਸ ਫੋਰਸ ਸਮੇਤ ਘਟਨਾ ਵਾਲੀ ਥਾਂ ’ਤੇ ਪੁੱਜੇ। ਰੇਲਵੇ ਅਧਿਕਾਰੀਆਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਰੇਲਵੇ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਹਾਈਡਰਾ ਮਸ਼ੀਨ ਅਤੇ ਕਰੇਨ ਮੰਗਵਾਈ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਰੇਲਵੇ ਟਰੈਕ ਤੋਂ ਹਟਾਇਆ ਗਿਆ। ਇਸ ਦੌਰਾਨ ਲੋਕਾਂ ਦੀ ਵੱਧ ਰਹੀ ਭੀੜ ਨੂੰ ਵੀ ਪੁਲਿਸ ਮੁਲਾਜ਼ਮਾਂ ਨੇ ਖਦੇੜ ਦਿੱਤਾ।

ਐੱਸ ਪੀ ਬਲਰਾਮ ਰਾਣਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ। ਰੇਲਵੇ ਅਧਿਕਾਰੀ ਵੀ ਆਪਣੇ ਪੱਧਰ ‘ਤੇ ਜਾਂਚ ਕਰ ਰਹੇ ਹਨ। ਫ਼ਿਲਹਾਲ ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਹੈ। ਗੋਲਡਨ ਟੈਂਪਲ ਗੱਡੀ ਨੂੰ ਸੁਰੱਖਿਅਤ ਢੰਗ ਨਾਲ ਚਲਾਇਆ ਗਿਆ। ਡਰਾਈਵਰ ਦੀ ਸ਼ਨਾਖ਼ਤ ਤੋਂ ਬਾਅਦ ਰੇਲਵੇ ਅਧਿਕਾਰੀਆਂ ਅਤੇ ਜੀਆਰਪੀ ਦੀ ਆਪਣੀ ਜਾਂਚ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਟਰੱਕ ਡਰਾਈਵਰ ਜਲੰਧਰ ਤੋਂ ਆ ਰਿਹਾ ਸੀ।