ਪੰਜਾਬ ਦੇ ਲੁਧਿਆਣਾ( Ludhiana) ਵਿੱਚ ਬਸਤੀ ਜੋਧੇਵਾਲ ਦੀ ਭਾਰਤੀ ਕਲੋਨੀ ਇਲਾਕੇ ਵਿੱਚ ਰਾਤ ਕਰੀਬ 10.45 ਵਜੇ ਇੱਕ ਘਰ ਵਿੱਚ ਸਿਲੰਡਰ ਫਟ(cylinder burst) ਗਿਆ। ਧਮਕੀਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਰੌਲਾ ਸੁਣ ਕੇ ਜਦੋਂ ਲੋਕ ਘਰ ਦੇ ਅੰਦਰ ਦਾਖਲ ਹੋਏ ਤਾਂ ਕਮਰੇ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਦੋ ਬੱਚਿਆਂ ਸਮੇਤ ਪਰਿਵਾਰ ਦੇ ਕੁੱਲ ਚਾਰ ਵਿਅਕਤੀ ਸੜੇ ਹੋਏ ਹਾਲਤ ਵਿੱਚ ਜ਼ਮੀਨ ’ਤੇ ਪਏ ਸਨ।
ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਵੀ ਬੁਲਾਈ ਪਰ ਕੋਈ ਨਹੀਂ ਆਇਆ। ਲੋਕਾਂ ਦੀ ਮਦਦ ਨਾਲ ਝੁਲਸੇ ਲੋਕਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਛਾਣ ਪਤੀ ਰਾਹੁਲ, ਪਤਨੀ ਪੂਜਾ, ਪੁੱਤਰ ਵੰਸ਼ (7) ਅਤੇ ਬੇਟੀ ਅਨੰਨਿਆ (1) ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਰਾਹੁਲ ਦੀ ਪਤਨੀ ਪੂਜਾ ਕਮਰੇ ‘ਚ ਖਾਣਾ ਬਣਾ ਰਹੀ ਸੀ। ਕਮਰੇ ਵਿੱਚ ਪੂਰਾ ਪਰਿਵਾਰ ਮੌਜੂਦ ਸੀ। ਅਚਾਨਕ ਗੈਸ ਲੀਕ ਹੋਣ ਦੀ ਬਦਬੂ ਆਉਣ ਲੱਗੀ। ਉਸਨੇ ਤੁਰੰਤ ਸਿਲੰਡਰ ਨੂੰ ਪਾਣੀ ਦੀ ਬਾਲਟੀ ਵਿੱਚ ਰੱਖ ਦਿੱਤਾ।
ਕੁਝ ਦੇਰ ਵਿਚ ਹੀ ਕਮਰੇ ਵਿਚ ਸਿਲੰਡਰ ਫਟ ਗਿਆ। ਕਮਰੇ ਦਾ ਸਾਰਾ ਸਮਾਨ ਸੁਆਹ ਹੋ ਗਿਆ। ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਪਰਿਵਾਰ ਦੇ ਸਾਰੇ ਮੈਂਬਰ ਕੁੱਲ 40 ਫੀਸਦੀ ਸੜ ਗਏ। ਸੜੇ ਹੋਏ ਪਰਿਵਾਰ ਨੂੰ ਚੰਡੀਗੜ੍ਹ 32 ਸੈਕਟਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।