Punjab

ਲਤੀਫਪੁਰ ਦੇ ਲੋਕ ਆਪਣੇ ਹੀ ਘਰਾਂ ਦੀਆਂ ਛੱਤਾਂ ਦੇ ਬਾਲਿਆਂ ਦੀ ਅੱਗ ਸੇਕਣ ਲਈ ਮਜਬੂਰ

In Latifpur, children's dreams were also shattered along with their homes

 ਜਲੰਧਰ:  ਲਤੀਫਪੁਰਾ ਵਿੱਚ ਇੱਟਾਂ ਜਾਂ ਸੀਮਿੰਟ ਦੇ ਘਰ ਹੀ ਨਹੀਂ ਟੁੱਟੇ ਸਗੋਂ ਬੱਚਿਆਂ ਦੇ ਸੁਫ਼ਨੇ ਵੀ ਟੁੱਟੇ ਹਨ। ਉਹ ਬੱਚੇ ਜਿਹੜੇ ਅਜੇ ਉਜਾੜੇ ਦਾ ਮਤਲਬ ਵੀ ਨਹੀਂ ਜਾਣਦੇ ਪਰ ਉਹ ਸਰਕਾਰ ਦੀਆਂ ਭੇਜੀਆਂ ਕਰੇਨਾਂ ਵੱਲੋਂ ਉਨ੍ਹਾਂ ਦੇ ਘਰਾਂ ਨੂੰ ਮਿੱਟੀ ਵਿੱਚ ਮਿਲਾਉਣ ਦੀਆਂ ਕਹਾਣੀਆਂ ਜਦੋਂ ਤੋਤਲੀ ਜ਼ੁਬਾਨ ਨਾਲ ਸੁਣਾਉਂਦੇ ਹਨ ਤਾਂ ਸੁਣਨ ਵਾਲੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

ਸਵਾ ਦੋ ਸਾਲ ਦੀ ਸੁੱਖੂ ਤੋਤਲੀ ਜ਼ੁਬਾਨ ਨਾਲ ਜਦੋਂ ਕਹਿੰਦੀ ਹੈ ਕਿ ਕਲੇਨ (ਕਰੇਨ) ਨੇ ਸਾਡਾ ਘਰ ਢਾਹ ਦਿੱਤਾ ਤਾਂ ਉਸ ਦੇ ਭੋਲੇਪਣ ਵਿੱਚ ਬੋਲੇ ਇਹ ਸ਼ਬਦ ਕਿੰਨੇ ਡੂੰਘੇ ਲਹਿ ਜਾਂਦੇ ਹਨ, ਕੋਈ ਇਸ ਦੀ ਗਹਿਰਾਈ ਨਹੀਂ ਮਾਪ ਸਕਦਾ। ਸਰਕਾਰੀ ਜਬਰ ਨਾਲ ਸੁਫ਼ਨਿਆਂ ਵਾਲੇ ਘਰ ਦੀ ਥਾਂ ਖਿੱਲਰੀਆਂ ਇੱਟਾਂ ਵੱਲ ਇਸ਼ਾਰਾ ਕਰ ਕੇ ਜਦੋਂ ਉਹ ਬੋਲਦੀ ਹੈ ਕਿ ਸਾਡਾ ਇੱਥੇ ਘਰ ਸੀ ਤਾਂ ਉਸ ਦੇ ਤੋਤਲੇ ਬੋਲ ਸੁਣਨ ਵਾਲਿਆਂ ਦੇ ਕੰਨਾਂ ਨੂੰ ਸੁੰਨ ਕਰ ਜਾਂਦੇ ਹਨ।

ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਲਤੀਫਪੁਰਾ ਦੇ ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦੇ ਘਰ ਢਹਿ-ਢੇਰੀ ਕਰਕੇ ਪੰਜਾਬ ਸਰਕਾਰ ਲੋਕਾਂ ਨੁੂੰ ਪੋਹ ਦੀਆਂ ਠੰਢੀਆਂ ਰਾਤਾਂ ਨੀਲੇ ਆਸਮਾਨ ਹੇਠ ਕੱਟਣ ਲਈ ਮਜਬੂਰ ਕਰ ਦੇਵੇਗੀ। ਸਾਲ 1947 ਦਾ ਉਜਾੜਾ ਝੱਲ ਕੇ ਇੱਥੇ ਆ ਕੇ ਵੱਸੇ ਲੋਕਾਂ ਦੇ ਦਿਲਾਂ ਵਿੱਚੋਂ ਅਜੇ 47 ਦਾ ਉਜਾੜਾ ਨਹੀਂ ਨਿਕਲਿਆ ਹੋਣਾ ਕਿ ਮੌਜੂਦਾ ਹਕੂਮਤ ਨੇ ਇੱਕ ਵਾਰ ਫਿਰ ਇਹ ਲੋਕ ਉਜਾੜ ਕੇ ਰੱਖ ਦਿੱਤੇ ਹਨ। ਆਪਣੇ ਉਜੜੇ ਘਰ ਦੀ ਨਿਸ਼ਾਨਦੇਹੀ ਕਰ ਕੇ ਬੈਠਾ ਈ-ਰਿਕਸ਼ਾ ਚਾਲਕ ਨਮ ਅੱਖਾਂ ਨਾਲ ਦੱਸਦਾ ਹੈ ਕਿ ਘਰ ਢਹਾਉਣ ਵੇਲੇ ਉਨ੍ਹਾਂ ਦੀ ਸੂਈ ਲਵੇਰੀ ਗਾਂ ਦੇ ਲੱਕ ਵਿੱਚ ਗਾਡਰ ਵੱਜ ਗਿਆ ਸੀ ਤੇ ਉਹ ਦੋ ਦਿਨ ਇੱਥੇ ਹੀ ਤੜਫਦੀ ਰਹੀ ਸੀ।

ਬਾਅਦ ਵਿੱਚ ਉਸ ਨੂੰ ਗਊਸ਼ਾਲਾ ਲੈ ਕੇ ਗਏ ਸਨ। ਉਹ ਆਖਦਾ ਹੈ ਕਿ ਪਤਾ ਨਹੀਂ ਉਸ ਦੀ ਗਾਂ ਬਚੇਗੀ ਵੀ ਕਿ ਨਹੀਂ। ਰਾਤ ਨੂੰ ਠੰਢ ਤੋਂ ਬਚਣ ਲਈ ਲੋਕ ਆਪਣੇ ਘਰ ਦੇ ਉਨ੍ਹਾਂ ਬਾਲਿਆਂ ਨੂੰ ਹੀ ਅੱਗਾਂ ਲਾਉਣ ਲਈ ਮਜਬੂਰ ਹਨ ਜਿਨ੍ਹਾਂ ਬਾਲਿਆਂ ਦੇ ਸਿਰ ’ਤੇ ਇਨ੍ਹਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਟਿਕੀਆਂ ਹੋਈਆਂ ਸਨ। ਆਪਣੇ ਹੀ ਘਰਾਂ ਦੀਆਂ ਛੱਤਾਂ ਦੇ ਬਾਲਿਆਂ ਦੀ ਅੱਗ ਸੇਕਣ ਵਾਲੇ ਕਹਿੰਦੇ ਹਨ ਕਿ ਇੰਝ ਲੱਗਦਾ ਹੈ ਜਿਵੇਂ ਆਪਣਾ ਸਿਵਾ ਹੀ ਸੇਕ ਰਹੇ ਹਾਂ।

ਰਾਤ ਦੇ ਹਨੇਰੇ ਵਿੱਚ ਹੱਥ ਵਿੱਚ ਕਹੀ ਫੜੀ ਦੋ ਸਾਥੀਆਂ ਨਾਲ ਲੱਕੜ ਦਾ ਮੰਜਾ ਚੁੱਕੀ ਆਉਂਦਾ ਇੱਕ ਨੌਜਵਾਨ ਸੁਖਦੇਵ ਸਿੰਘ ਦੱਸਦਾ ਹੈ ਕਿ ਉਸ ਨੂੰ ਮਲਬਾ ਹਟਾ ਕੇ ਆਪਣਾ ਮੰਜਾ ਕੱਢਦਿਆਂ ਸਾਰਾ ਦਿਨ ਲੱਗ ਗਿਆ, ਉਸ ਦੇ ਮੰਜੇ ਦਾ ਇਕ ਪਾਵਾ ਟੁੱਟ ਗਿਆ ਹੈ ਪਰ ਇਹ ਮੰਜਾ ਸੁਖਦੇਵ ਨੂੰ ਮਖਮਲੀ ਗੱਦੇ ਨਾਲੋਂ ਘੱਟ ਨਹੀਂ ਸੀ ਜਾਪਦਾ।