ਮੁਹਾਲੀ : ਬੀਤੇ ਦਿਨ ਇੱਕ ਆਪਸੀ ਝੜਪ ਵਿਚ ਪ੍ਰਵਾਸੀਆਂ ਵੱਲੋਂ ਦੋ ਨਾਬਾਲਗਾਂ ਨੂੰ ਨਿਸ਼ਾਨਾ ਬਣਾ ਕੇ ਇਕ ਦਾ ਕਤਲ ਕਰ ਦਿੱਤਾ ਗਿਆ। ਗੁੱਸੇ ਵਿਚ ਇਨਸਾਫ਼ ਮੰਗਦੇ ਪਰਿਵਾਰ ਨੇ ਜ਼ੋਰਦਾਰ ਹੰਗਾਮਾ ਵੀ ਕੀਤਾ। ਅਸਲ ਵਿਚ ਮੋਹਾਲੀ ਵਿੱਚ ਪ੍ਰਵਾਸੀ ਨੌਜਵਾਨਾਂ ਨੇ ਇੱਕ ਨਬਾਲਿਗ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਏਅਰਪੋਰਟ ਰੋਡ ਨੂੰ ਜਾਮ ਕੀਤਾ ਗਿਆ। ਪੁਲਿਸ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਦੱਸ ਦਈਏ ਕਿ ਸੱਤ ਤੋਂ ਅੱਠ ਪ੍ਰਵਾਸੀ ਨੌਜਵਾਨਾਂ ਵੱਲੋਂ 2 ਨਬਾਲਿਗਾਂ ਤੇ ਹਮਲਾ ਕੀਤਾ ਗਿਆ, ਜਿਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ, ਦੂਜਾ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੋਵਾਂ ਦੀ ਉਮਰ 16 17 ਸਾਲ ਦੀ ਸੀ।
ਜਾਣੋ ਪੂਰਾ ਮਾਮਲਾ
ਪਿੰਡ ਕੁੰਭੜਾ ਦਾ ਰਹਿਣ ਵਾਲਾ 17 ਸਾਲਾ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਪਿੰਡ ਵਿੱਚ ਬੈਠਾ ਸੀ। ਇਸ ਦੌਰਾਨ ਇਕ ਪ੍ਰਵਾਸੀ ਨੌਜਵਾਨ ਬਾਈਕ ‘ਤੇ ਆਇਆ ਅਤੇ ਅਚਾਨਕ ਉਸ ਦੀ ਬਾਈਕ ਦੋਵਾਂ ਨਾਲ ਟਕਰਾ ਗਈ। ਦੋਵਾਂ ਦੋਸਤਾਂ ਨੇ ਨੌਜਵਾਨ ਨੂੰ ਬਾਇਕ ਹੌਲੀ-ਹੌਲੀ ਚਲਾਉਣ ਲਈ ਕਿਹਾ ਜਿਸ ਤੋਂ ਕੁਝ ਦੇਰ ਵਿਚ ਹੀ ਬਹਿਸ ਸ਼ੁਰੂ ਹੋ ਗਈ।
ਪ੍ਰਵਾਸੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਬਾਅਦ ਪ੍ਰਵਾਸੀ ਨੌਜਵਾਨ ਉਥੋਂ ਚਲਾ ਗਿਆ ਅਤੇ ਦੋਵੇਂ ਦੋਸਤ ਇਥੇ ਹੀ ਬੈਠੇ ਰਹੇ। ਕੁਝ ਸਮੇਂ ਬਾਅਦ ਬਾਈਕ ਚਾਲਕ ਆਪਣੇ ਨਾਲ 10 ਤੋਂ 12 ਪ੍ਰਵਾਸੀ ਨੌਜਵਾਨਾਂ ਨੂੰ ਲੈ ਕੇ ਆਇਆ ਅਤੇ ਦੋਵਾਂ ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦਮਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਉਸ ਦੇ ਦੋਸਤ ਦਿਲਪ੍ਰੀਤ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੀੜਤ ਦੇ ਘਰ ਸੂਚਨਾ ਦਿੱਤੀ। ਜ਼ਖਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦਮਨਪ੍ਰੀਤ ਦੀ ਮੌਤ ਹੋ ਗਈ। ਉਸ ਦਾ ਦੋਸਤ ਦਿਲਪ੍ਰੀਤ ਇਸ ਸਮੇਂ ਇਲਾਜ ਅਧੀਨ ਹੈ।
ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਇਸ ਸਬੰਧੀ ਜਦੋਂ ਐਸਐਚਓ ਫੇਜ਼-8 ਰੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪੁੱਜੀ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਬੱਚਿਆਂ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਵੀ ਬਣਾਈਆਂ ਗਈਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।