ਪੰਜਾਬ ਦੇ ਜਲੰਧਰ ਸ਼ਹਿਰ ‘ਚ ਦੇਰ ਰਾਤ ਭਾਰੀ ਹੰਗਾਮਾ ਹੋਇਆ। ਵਾਲਮੀਕੀ ਗੇਟ ਨੇੜੇ ਦੋ ਗੁੱਟਾਂ ਵਿੱਚ ਟਕਰਾਅ ਹੋ ਗਿਆ। ਇਸ ਦੌਰਾਨ ਜ਼ਬਰਦਸਤ ਲੜਾਈ ਹੋਈ ਅਤੇ ਇਸ ਦੌਰਾਨ ਇਕ ਗੁੱਟ ਨੇ ਗੋਲੀਆਂ ਚਲਾ ਦਿੱਤੀਆਂ। ਲਾਇਸੈਂਸੀ ਹਥਿਆਰਾਂ ਤੋਂ ਹਵਾਈ ਫਾਇਰ ਕੀਤੇ ਜਾਣ ਤੋਂ ਬਾਅਦ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕ ਵੀ ਡਰ ਗਏ।
ਇਹ ਸਾਰਾ ਵਿਵਾਦ ਵਾਲਮੀਕਿ ਗੇਟ ‘ਤੇ ਖੇਡ ਰਹੇ ਬੱਚਿਆਂ ਨੂੰ ਜਾਤੀ ਸੂਚਕ ਸ਼ਬਦ ਬੋਲਣ ਤੋਂ ਸ਼ੁਰੂ ਹੋਇਆ। ਜਿਸ ਦਾ ਨਤੀਜਾ ਬਾਅਦ ਵਿੱਚ ਬਦਸਲੂਕੀ ਅਤੇ ਹਿੰਸਾ ਵਿੱਚ ਨਿਕਲਿਆ। ਇਸ ਲੜਾਈ ਵਿਚ ਕੁਝ ਲੋਕ ਜ਼ਖਮੀ ਵੀ ਹੋਏ। ਵਾਲਮੀਕਿ ਗੇਟ ‘ਤੇ ਲੋਕਾਂ ਦਾ ਇਕੱਠ ਅਤੇ ਮਾਹੌਲ ਖਰਾਬ ਹੁੰਦਾ ਦੇਖ ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ। ਪਰ ਲੜਾਈ ਵਿੱਚ ਸ਼ਾਮਲ ਕੁਝ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਦੇਰ ਰਾਤ ਲੋਕ ਰੌਲਾ ਪਾ ਰਹੇ ਸਨ ਕਿ ਇੱਕ ਵਿਅਕਤੀ ਨੇ ਮੌਕੇ ‘ਤੇ ਹੀ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਅਤੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕੀਤੀ। ਥਾਣਾ ਡਵੀਜ਼ਨ ਨੰਬਰ 2 ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪਰ ਹੁਣ ਤੱਕ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵਾਲਮੀਕੀ ਗੇਟ ਨੇੜੇ ਹੋਈ ਲੜਾਈ ਤੋਂ ਬਾਅਦ ਦੋਵੇਂ ਧੜਿਆਂ ਦੇ ਲੋਕ ਆਪਣਾ ਇਲਾਜ ਅਤੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੇ। ਸਿਵਲ ਹਸਪਤਾਲ ਪਹੁੰਚ ਕੇ ਦੋਵੇਂ ਧੜੇ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ। ਸਿਵਲ ਵਿੱਚ ਵੀ ਦੋਵਾਂ ਧੜਿਆਂ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਵਾਲਿਆਂ ਨਾਲ ਉਲਝ ਗਏ।
ਸਿਵਲ ਹਸਪਤਾਲ ਵਿੱਚ ਵਿਗੜਦੇ ਮਾਹੌਲ ਨੂੰ ਦੇਖਦਿਆਂ ਪੁਲੀਸ ਨੇ ਵੀ ਹਲਕੇ ਬਲ ਦੀ ਵਰਤੋਂ ਕਰਦਿਆਂ ਹੰਗਾਮਾ ਕਰ ਰਹੇ ਲੋਕਾਂ ਨੂੰ ਮੌਕੇ ਤੋਂ ਭਜਾਇਆ। ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਕਾਰ ਵਿੱਚ ਬੈਠਦੇ ਹੀ ਉਹ ਪੁਲਿਸ ਨੂੰ ਦੇਖ ਕੇ ਫਰਾਰ ਹੋ ਗਿਆ। ਜਦੋਂ ਇੱਕ ਪੁਲਿਸ ਮੁਲਾਜ਼ਮ ਉਸ ਨੂੰ ਫੜਨ ਲਈ ਦੌੜਿਆ ਤਾਂ ਉਹ ਡਿੱਗ ਕੇ ਜ਼ਖ਼ਮੀ ਹੋ ਗਿਆ। ਇੱਕ ਧਿਰ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।