‘ਦ ਖ਼ਾਲਸ ਬਿਊਰੋ:- 5 ਜੁਲਾਈ ਨੂੰ ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਮਿਉਸਿਪਲ ਚੋਣਾਂ ਤੋਂ ਬਾਅਦ ਇੱਕ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੇਅਰ ਅਬਦੁੱਲ ਸੈਦੀ ਨੇ ਰਣਜੀਤ ਸਿੰਘ ਗੁਰਾਇਆ ਤੋਂ ਬੋਬਿਨੀ ਦੇ ਡਿਪਟੀ ਮੇਅਰ ਵਜੋਂ ਸਹੁੰ ਚੁਕਵਾਈ ਗਈ।

ਸਿੱਖ ਨੌਜਵਾਨ ਵਕੀਲ ਰਣਜੀਤ ਸਿੰਘ ਗੁਰਾਇਆ ਇਸ ਆਹੁਦੇ ‘ਤੇ ਬੈਠਣ ਵਾਲੇ ਪਹਿਲੇ ਸਿੱਖ ਹਨ। ਇਸ ਦੇ ਨਾਲ ਹੀ ਗੁਰਾਇਆ ਸਿੱਖ ਫਾਰ ਫਰਾਂਸ ਦੇ ਪ੍ਰਧਾਨ ਵੀ ਹਨ। ਜਾਣਕਾਰੀ ਮੁਤਾਬਿਕ ਰਣਜੀਤ ਸਿੰਘ ਨੂੰ 2004 ਵਿਚ ਦਸਤਾਰ ਸਜਾਉਣ ਕਾਰਨ ਸਕੂਲ ਵਿਚੋਂ ਕੱਢ ਦਿੱਤਾ ਗਿਆ ਸੀ। ਰਣਜੀਤ ਸਿੰਘ ਨੇ ਆਪਣੀ ਮਿਹਨਤ ਨਾਲ ਫਰਾਂਸੀਸੀ ਕਾਨੂੰਨ ਦੀ ਪੜ੍ਹਾਈ ਕਰਕੇ ਆਪਣੀ ਯੋਗਤਾ ਨਾਲ ਮਿਸਾਲ ਕਾਇਮ ਕੀਤੀ।

ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਲਈ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਰਣਜੀਤ ਸਿੰਘ ਗੁਰਾਇਆ ਨੇ ਵੱਡੀ ਜਿੱਤ ਹਾਸਲ ਕੀਤੀ। ਸਿੱਖ ਨੌਜਵਾਨ ਰਣਜੀਤ ਸਿੰਘ ਦਾ ਕਹਿਣੈ ਕਿ ਉਹ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ  ਦੇ ਹੱਲ ਲਈ ਇੱਕ ਸੰਗਠਨ ਕਾਇਮ ਕਰਨਗੇ। ਮੌਜੂਦਾ ਸਮੇਂ ਵਿੱਚ ਰਣਜੀਤ ਸਿੰਘ ਨੂੰ ਐਸ਼ੋਸ਼ੀਏਸ਼ਨ, ਸੋਸ਼ਲ ਹੈਲਪ ਅਤੇ ਆਈ.ਟੀ ਐਂਡਮਨਿਸਟਰੇਸ਼ਨ ਵਿਭਾਗ ਸੰਭਾਲੇ ਗਏ ਹਨ। ਯੂਰਪੀ ਸਿੱਖ ਜਥੇਬੰਦੀਆਂ , ਧਾਰਮਿਕ ਸੰਸਥਾਵਾਂ ਅਤੇ ਸੇਵਾ ਸੁਸਾਇਟੀਆਂ ਨੇ ਰਣਜੀਤ ਸਿੰਘ ਗੁਰਾਇਆ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਹੈ।