ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੇ ਸੁਕਡ਼ ਨਹਿਰ ਦੇ ਕੋਲ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ ਬਿਜਲੀ ਕਰਮਚਾਰੀ ਦੀ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਬਿਜਲੀ ਵਿਭਾਗ ਦੇ ਜੂਨੀਅਰ ਇੰਜਨੀਅਰ ਰਜਿੰਦਰ ਕੁਮਾਰ, ਸਹਾਇਕ ਲਾਈਨਮੈਨ ਅਸ਼ਵਨੀ ਕੁਮਾਰ ਅਤੇ ਸਹਾਇਕ ਲਾਈਨਮੈਨ ਸੁਧੀਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਲਾਕੇ ਦੇ ਲੋਕਾਂ ਨੇ ਸੁਕਡ਼ ਨਹਿਰ ਖੇਤਰ ਵਿੱਚ ਬਿਜਲੀ ਗੁੱਲ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਵਿਭਾਗ ਵੱਲੋਂ ਜੋਤੀ ਨੂੰ ਬਿਜਲੀ ਠੀਕ ਕਰਨ ਲਈ ਭੇਜਿਆ ਗਿਆ ਸੀ। ਜੋਤੀ ਨੇ ਸਭ ਤੋਂ ਪਹਿਲਾਂ ਹੇਠਾਂ ਟੁੱਟੀ ਹੋਈ ਤਾਰ ਨੂੰ ਜੋੜਿਆ। ਇਸ ਤੋਂ ਬਾਅਦ ਉਹ ਪੌੜੀ ਦੇ ਨਾਲ ਖੰਭੇ ‘ਤੇ ਚੜ੍ਹਿਆ ਤਾਂ ਉਸ ਨੂੰ ਕਰੰਟ ਲੱਗ ਗਿਆ। ਕਰੰਟ ਦੀ ਲਪੇਟ ‘ਚ ਆ ਕੇ ਉਹ ਸੜਨ ਲੱਗਾ।
ਮ੍ਰਿਤਕ ਪਿਛਲੇ ਕਈ ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰ ਰਿਹਾ ਸੀ
ਮੌਕੇ ‘ਤੇ ਮੌਜੂਦ ਲੋਕ ਬੇਵੱਸ ਹੋ ਗਏ। ਉਸ ਨੂੰ ਕੋਈ ਨਹੀਂ ਬਚਾ ਸਕਿਆ। ਗੁੱਸੇ ਵਿੱਚ ਆਏ ਲੋਕਾਂ ਨੇ ਬਿਜਲੀ ਵਿਭਾਗ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲੀਸ-ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਬਿਜਲੀ ਵਿਭਾਗ ਦੇ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਰਹੇ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਬਿਜਲੀ ਵਿਭਾਗ ਵਿੱਚ ਕੱਚੇ ਕਾਮੇ ਵਜੋਂ ਕੰਮ ਕਰਦਾ ਸੀ। ਅਜਿਹੇ ‘ਚ ਉਸ ਦੀ ਮੌਤ ਲਈ ਵਿਭਾਗ ਜ਼ਿੰਮੇਵਾਰ ਹੈ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਡੀਸੀ ਦੇ ਹੁਕਮਾਂ ’ਤੇ ਰੈੱਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ ਨੇ ਮਾਲੀ ਮਦਦ ਵਜੋਂ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਹੈ ਪਰ ਜੋਤੀ ਵਾਪਸ ਨਹੀਂ ਆਏਗਾ।