‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :– ਕਰੋਨਾ ਮਹਾਂਮਾਰੀ ਨੇ ਜਿੱਥੇ ਸਾਰੀ ਦੁਨੀਆ ਦੀ ਰਫਤਾਰ ਨੂੰ ਢਿੱਲਾ ਕਰ ਦਿੱਤਾ ਹੈ, ਉੱਥੇ ਹੀ ਵਿਦਿਆਰਥੀਆਂ ਦੀ ਜ਼ਿੰਦਗੀ ‘ਤੇ ਵੀ ਇਸਦਾ ਬਹੁਤ ਅਸਰ ਹੋਇਆ ਹੈ। ਸੂਬਾ ਸਰਕਾਰਾਂ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਲਈ ਕਈ ਅਹਿਮ ਕਦਮ ਵੀ ਚੁੱਕੇ ਜਾ ਰਹੇ ਹਨ, ਜਿਵੇਂ ਕਿ ਆਨਲਾਈਨ ਕਲਾਸਾਂ, ਸਕੂਲਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਰੋਨਾ ਨਿਯਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨਾ। ਪਰ ਇਸਦੇ ਬਾਵਜੂਦ ਵੀ ਕਈ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ। ਕਈ ਸਕੂਲਾਂ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਹਨ।
ਬਠਿੰਡਾ ਵਿੱਚ ਨਿੱਜੀ ਸਕੂਲ ਵੱਲੋਂ ਫੀਸਾਂ ਵਿੱਚ ਵਾਧੇ ਖ਼ਿਲਾਫ਼ ਮਾਪਿਆਂ ਨੇ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ। ਮਾਪਿਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਫੀਸਾਂ ਘਟਾਉਣ ਦੀ ਥਾਂ ਸਕੂਲ ਨੇ ਫੀਸਾਂ ਦੁੱਗਣੀਆਂ ਕਰ ਦਿੱਤੀਆਂ ਹਨ। ਮਾਪਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਨੇ ਸਾਫ਼ ਕਿਹਾ ਹੈ ਕਿ ਜੇ ਫੀਸਾਂ ਨਹੀਂ ਭਰੀਆਂ ਜਾਣਗੀਆਂ ਤਾਂ ਬੱਚਿਆਂ ਦਾ ਦਾਖਲਾ ਨਹੀਂ ਹੋਣ ਦਿੱਤਾ ਜਾਵੇਗਾ।