ਬਟਾਲਾ : ਬੀਤੇ ਦੇਰ ਰਾਤ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਦਹੀਆ ਵਿਖੇ ਦੋ ਧਿਰਾਂ ਦਰਮਿਆਨ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇਕ ਧਿਰ ਦੇ ਇਕ ਵਿਅਕਤੀ ਸਰਵਣ ਸਿੰਘ ਉਮਰ 65 ਸਾਲ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਅਤੇ ਦੂਸਰੀ ਧਿਰ ਦੇ ਦੋ ਵਿਅਕਤੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਅਮ੍ਰਿਤਸਰ ਰੈਫਰ ਕੀਤਾ ਗਿਆ। ਪੁਲਿਸ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਸਰਵਣ ਸਿੰਘ ਦੇ ਬੇਟੇ ਜਤਿੰਦਰ ਨੇ ਕੁਝ ਵਿਅਕਤੀਆਂ ਦੇ ਨਾਮ ਦਸਦੇ ਹੋਏ ਕਿਹਾ ਕਿ ਅੱਠ ਲੋਕ ਦੋ ਗੱਡੀਆਂ ਉਤੇ ਸਵਾਰ ਹੋਕੇ ਸਾਡੇ ਘਰ ਆਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਦੇ ਪਿਤਾ ਬਾਹਰ ਹੀ ਬੈਠੇ ਹੋਏ ਸੀ ਉਹਨਾਂ ਦੇ ਗੋਲੀਆ ਲੱਗਣ ਕਾਰਨ ਮੌਤ ਹੋ ਗਈ।
ਜਤਿੰਦਰ ਅਨੁਸਾਰ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਕੇ ਉਕਤ ਵਿਅਕਤੀਆਂ ਵਲੋਂ ਸਾਡੇ ’ਤੇ ਹਮਲਾ ਕਿਉ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਵੀ ਦੋ ਕਤਲ ਦੇ ਕੇਸਾਂ ਵਿਚੋਂ ਬਰੀ ਹੋਕੇ ਬਾਹਰ ਆਏ ਹਨ ਅਤੇ ਅਜੇ ਵੀ ਉਨ੍ਹਾਂ ਉਤੇ ਦੂਸਰੇ ਕੇਸ ਚਲ ਰਹੇ ਹਨ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਓਹਨਾਂ ਦੇ ਅਸਲੇ ਨੂੰ ਜਬਤ ਨਹੀਂ ਕੀਤੇ।
ਸਿਵਿਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਦੱਸਿਆ ਕਿ ਤਿੰਨ ਲੋਕ ਨੂੰ ਜ਼ਖਮੀ ਹਾਲਾਤ ਵਿਚ ਹਸਪਤਾਲ ਲਿਆਂਦਾ ਗਿਆ ਸੀ, ਜਿਸ ਵਿਚੋਂ ਦੋ ਲੋਕ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਸਨ ਅਤੇ ਇਕ ਵਿਅਕਤੀ ਸਰਵਣ ਸਿੰਘ ਜਿਸਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਚੁਕੀ ਸੀ। ਉਨ੍ਹਾਂ ਦੱਸਿਆ ਗਿਆ ਕਿ ਇਹਨਾਂ ਦੋਹਾਂ ਧਿਰਾਂ ਦੀ ਆਪਸੀ ਝਗੜੇ ਦੌਰਾਨ ਗੋਲੀਆਂ ਚਲਣ ਕਾਰਨ ਇਹ ਹਲਾਤ ਬਣੇ ਹਨ ਉਹਨਾ ਦੱਸਿਆ ਕਿ ਦੋਵੇਂ ਜ਼ਖਮੀਆਂ ਨੂੰ ਅਮ੍ਰਿਤਸਰ ਰੈਫਰ ਕਰ ਦਿਤਾ ਗਿਆ ਹੈ
ਡੀ ਐਸ ਪੀ ਗੁਰਬਿੰਦਰ ਸਿੰਘ ਨੇ ਮਾਮਲੇ ਬਾਰੇ ਦਸਦੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਜੋ ਦੋ ਜ਼ਖਮੀ ਹੋਏ ਹਨ ਉਨ੍ਹਾਂ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਹੈ, ਉਹਨਾਂ ਦੇ ਵੀ ਬਿਆਨ ਕਲਮਬੰਦ ਕੀਤੇ ਜਾਣਗੇ ਫਿਲਹਾਲ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।