ਦਿੱਲੀ ਤੇ ਮੁੰਬਈ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਮੌਨਸੂਨ ਮਿੱਥੇ ਸਮੇਂ ਨਾਲੋਂ ਦੋ ਦਿਨ ਪਹਿਲਾਂ ਜਦੋਂਕਿ ਦੇਸ਼ ਦੀ ਵਿੱਤੀ ਰਾਜਧਾਨੀ ਵਿਚ ਦੋ ਹਫਤਿਆਂ ਦੀ ਦੇਰੀ ਨਾਲ ਪਹੁੰਚਿਆ ਹੈ। ਵਿਭਾਗ ਦੇ ਅਧਿਕਾਰੀ ਮੁਤਾਬਕ ਮੌਨਸੂਨ ਦੀ ਸ਼ੁਰੂਆਤ ਮੱਠੀ ਰਹੀ, ਪਰ ਹੁਣ ਇਸ ਵਿੱਚ ਤੇਜ਼ੀ ਆ ਰਹੀ ਹੈ ਤੇ ਇਹ ਮਹਾਰਾਸ਼ਟਰ, ਸਮੁੱਚੇ ਕਰਨਾਟਕ, ਕੇਰਲ, ਤਾਮਿਲਨਾਡੂ, ਛੱਤੀਸਗੜ੍ਹ, ਉੜੀਸਾ, ਪੂਰਬੀ ਭਾਰਤ, ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਪੂਰਬੀ ਯੂਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਬਹੁਤੇ ਹਿੱਸਿਆਂ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਪਹੁੰਚ ਗਿਆ ਹੈ।
ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਅਗਲੇ 24 ਘੰਟਿਆਂ ਵਿੱਚ ਮਾਨਸੂਨ ਪੰਜਾਬ ਤੇ ਚੰਡੀਗੜ੍ਹ ਨੂੰ ਵੀ ਕਵਰ ਕਰ ਲਵੇਗਾ। ਮੌਸਮ ਵਿਭਾਗ ਨੇ ਪੰਜਾਬ ਵਿੱਚ 25 ਤੇ 26 ਜੂਨ ਨੂੰ ਤੇਜ਼ ਮੀਂਹ ਤੇ ਹਨੇਰੀ ਚੱਲਣ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ ਜਦਕਿ 27 ਤੇ 28 ਜੂਨ ਨੂੰ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਉੱਧਰ ਮੀਂਹ ਕਾਰਨ ਕਿਤੇ ਹੜ੍ਹ ਵਰਗੇ ਹਾਲਾਤ ਵੀ ਬਣੇ ਹੋਏ ਹਨ। ਅਸਾਮ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਏ ਹੜ੍ਹ ਕਾਰਨ ਕਈ ਇਲਾਕਿਆਂ ਵਿੱਚ ਹਾਲਾਤ ਬਹੁਤ ਖਰਾਬ ਬਣੇ ਹੋਏ ਹਨ। ਅਸਾਮ ਰਾਜ ਆਫਤ ਪ੍ਰਬੰਧਨ ਵਿਭਾਗ ਮੁਤਾਬਕ ਇਸ ਸਮੇਂ ਸੂਬੇ ਦੇ 15 ਜ਼ਿਲ੍ਹਿਆਂ ਦੇ 1 ਹਜ਼ਾਰ 118 ਪਿੰਡ ਹੜ ਦੇ ਪਾਣੀ ਵਿੱਚ ਡੁੱਬੇ ਹੋਏ ਹਨ।
ਇਸ ਸਾਲ ਇਹ ਹੜ੍ਹ ਦਾ ਪਹਿਲਾ ਪੜਾਅ ਹੈ, ਜਿਸ ਵਿੱਚ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਕਾਰਨ ਹੁਣ ਤੱਕ ਕੁੱਲ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਸਾਮ ਸਰਕਾਰ ਨੇ ਬੇਘਰੇ ਲੋਕਾਂ ਲਈ 101 ਰਾਹਤ ਕੈਂਪ ਸਥਾਪਿਤ ਕੀਤੇ ਹਨ, ਜਦਕਿ 119 ਰਾਹਤ ਵੰਡ ਕੇਂਦਰ ਖੋਲ੍ਹੇ ਗਏ ਹਨ।
ਆਫ਼ਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਆਪਣੇ ਘਰ ਗੁਆ ਚੁੱਕੇ 81 ਹਜ਼ਾਰ 352 ਲੋਕ ਇਨ੍ਹਾਂ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਬਜਾਲੀ, ਬਾਰਪੇਟਾ, ਕਾਮਰੂਪ, ਦਰਰੰਗ ਅਤੇ ਨਲਬਾੜੀ ਜ਼ਿਲ੍ਹਿਆਂ ਵਿੱਚ ਇਸ ਸਾਲ ਹੜ੍ਹਾਂ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ SDRF ਟੀਮਾਂ ਨੂੰ ਸਾਰੇ ਹੜ੍ਹ ਪ੍ਰਭਾਵਿਤ ਜ਼ਿਲਿਆਂ ‘ਚ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਚਾਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ 15 ਨਦੀਆਂ ਦੇ ਬੰਨ੍ਹ ਨੁਕਸਾਨੇ ਗਏ ਹਨ। ਜਦਕਿ 12 ਜ਼ਿਲ੍ਹਿਆਂ ਦੇ 157 ਖੇਤਰਾਂ ਵਿੱਚ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਭਾਰਤੀ ਮੌਸਮ ਵਿਭਾਗ ਨੇ ‘ਭਾਰੀ ਬਾਰਿਸ਼’ ਦੀ ਭਵਿੱਖਬਾਣੀ ਕੀਤੀ ਹੈ ਅਤੇ ਐਤਵਾਰ ਤੱਕ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਕੁੱਲੂ ਜ਼ਿਲ੍ਹੇ ਦੇ ਮੋਹਾਲ ਨਾਲੇ ਵਿੱਚ ਆਏ ਹੜ੍ਹ ਕਰਕੇ ਕਈ ਵਾਹਨ ਰੁੜ੍ਹ ਗਏ। ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਨਾਲੇ ਵਿੱਚ ਫਸੇ ਤੇ ਨੁਕਸਾਨੇ ਗਏ ਵਾਹਨਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਦੀ ਮਦਦ ਲਈ ਜਾ ਰਹੀ ਹੈ। ਇਸ ਦੌਰਾਨ ਇਕ ਹੋਰ ਘਟਨਾ ਵਿੱਚ ਮੰਡੀ ਜ਼ਿਲ੍ਹੇ ਦੇ ਸਦਰ ਬਲਾਕ ਅਧੀਨ ਆਉਂਦੀ ਮੰਥਾਲਾ ਪੰਚਾਇਤ ਇਲਾਕੇ ਵਿੱਚ ਢਿੱਗਾਂ ਡਿੱਗਣ ਕਰਕੇ ਘਰ ਨੁਕਸਾਨਿਆ ਗਿਆ।
ਢਿੱਗਾਂ ਕਰਕੇ ਖੇਤੀਯੋਗ ਜ਼ਮੀਨ ਦੇ ਇਕ ਵੱਡੇ ਹਿੱਸੇ ਨੂੰ ਨੁਕਸਾਨ ਪੁੱਜਾ ਹੈ। ਤੁਨਧਾਰ ਇਲਾਕੇ ਵਿੱਚ ਹੜ੍ਹ ਆਉਣ ਦੀਆਂ ਰਿਪੋਰਟਾਂ ਹਨ, ਪਰ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮੰਡੀ ਤੇ ਕੁੱਲੂ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਭਾਰੀ ਮੀਂਹ ਕਰਕੇ ਹੋਏ ਨੁਕਸਾਨ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।