ਪਟਿਆਲਾ ਦੇ ਸਮਾਣਾ ਦੇ ਪਿੰਡ ਰੰਧਾਵਾ ਦੇ ਭਾਰਤੀ ਫੌਜ ਵਿੱਚ ਤਾਇਨਾਤ ਜਵਾਨ ਸਹਿਜਪਾਲ ਸਿੰਘ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਹਨ। ਸ਼ਹੀਦ ਜਵਾਨ ਦੀ ਉਮਰ ਮਹਿਜ਼ 25 ਸਾਲ ਸੀ ਅਤੇ ਉਹ 2015 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਵੀ ਭਾਰਤੀ ਫੌਜ ਵਿੱਚ ਹੈ ਅਤੇ ਲੇਹ-ਲਦਾਖ ਵਿੱਚ ਡਿਊਟੀ ’ਤੇ ਹੈ।
ਸ਼ਹੀਦ ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਫੌਜੀ ਸਨਮਾਨਾਂ ਨਾਲ ਸ਼ਹੀਦ ਸਹਿਜਪਾਲ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਮ੍ਰਿਤਕ ਦੇ ਭਰਾ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਸਹਿਜਪਾਲ ਸਿੰਘ ਦੀ ਡਿਊਟੀ ਚਾਇਨਾ ਦੀ ਸਰਹੱਦ ਉੱਪਰ ਸੀ ਅਤੇ ਉਹ ਇੱਕ ਝੀਲ ਨੁਮਾ ਪਾਣੀ ਦੇ ਤਾਲਾਬ ਉਪਰੋਂ ਦੀ ਲੰਘ ਰਹੇ ਸਨ ਅਤੇ ਇਥੇ ਲੱਕੜੀ ਦੇ ਪੁਲ ਤੋਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਗਿਆ ਅਤੇ ਉਸ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਫੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋ ਸ਼ਹੀਦ ਫੌਜੀ ਜਵਾਨ ਸਹਿਜਪਾਲ ਸਿੰਘ ਦੇ ਨਾਮ ਉੱਤੇ ਕੋਈ ਯਾਦਗਾਰ ਬਨਾਉਣੀ ਚਾਹੀਦੀ ਹੈ ਅਤੇ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ।
ਪਹਿਲਾਂ ਉਨ੍ਹਾਂ ਦਾ ਅੰਤਿਮ ਸਸਕਾਰ ਬੀਤੇ ਦਿਨੀਂ ਕੀਤਾ ਜਾਣਾ ਸੀ ਪਰ ਮ੍ਰਿਤਕ ਦੇਹ ਨਾ ਮਿਲਣ ਕਾਰਨ ਹੁਣ ਸੋਮਵਾਰ ਯਾਨੀ ਅੱਜ ਕੀਤਾ ਜਾਵੇਗਾ। ਸਹਿਜਪਾਲ ਸਿੰਘ ਸਾਲ 2015 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 27 ਮਈ ਦੀ ਦੇਰ ਸ਼ਾਮ ਸ਼ਹੀਦ ਸਹਿਜਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉਨ੍ਹਾਂ ਕਿਹਾ ਕਿ ਸਹਿਜਪਾਲ ਆਸਾਮ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਸਨ। ਅੱਜ ਪੂਰਾ ਪੰਜਾਬ ਅਤੇ ਦੇਸ਼ ਸ਼ਹੀਦ ਸਹਿਜਪਾਲ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਸੀ.ਐਮ ਭਗਵੰਤ ਮਾਨ ਨੇ ਵੀ ਭਾਰਤ ਮਾਤਾ ਅਤੇ ਪੰਜਾਬ ਦੇ ਪੁੱਤਰ ਸਹਿਜਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਦੂਜੇ ਪਾਸੇ ਸ਼ਹੀਦ ਸਹਿਜਪਾਲ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੈਬਨਿਟ ਮੰਤਰੀ ਜੋੜਾਮਾਜਰਾ ਨੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।