International

ਜਸਟਿਨ ਟਰੂਡੋ ਦੀ ਸਰਕਾਰ ਨੂੰ ਵੱਡਾ ਝਟਕਾ, NDP ਦੇ ਜਗਮੀਤ ਸਿੰਘ ਨੇ ਸਮਰਥਨ ਲਿਆ ਵਾਪਸ

ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰ ਨੂੰ ਬਾਹਰੋਂ ਹਮਾਇਤ ਕਰ ਰਹੀ ਨਿਊ ਡੈਮੋਕਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਉਨ੍ਹਾਂ ਨਾਲ ਆਪਣਾ ਸਮਝੌਤਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

NDP ਪਾਰਟੀ ਨੇ ਬੁੱਧਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰਾਹੀਂ ਇਹ ਐਲਾਨ ਕੀਤਾ। ਦੱਸਿਆ ਗਿਆ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨਾਲ ਕੀਤੇ ਸਮਝੌਤੇ ਨੂੰ ਖਤਮ ਕਰ ਰਹੇ ਹਨ।

ਜਗਮੀਤ ਸਿੰਘ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਰਾਹੀਂ ਜਾਰੀ ਕੀਤੇ ਵੀਡਿਓ ‘ਚ ਕਿਹਾ ਕਿ ਖੁਦਗਰਜ਼ ਅਤੇ ਕਮਜ਼ੋਰ ਸੱਤਾਧਾਰੀ ਲਿਬਰਲ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਲਿਬਰਲ ‘ਚ ਭਰੋਸਾ ਨਹੀਂ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ।

ਜਗਮੀਤ ਸਿੰਘ ਨੇ ਕਿਹਾ ਹੈ ਕਿ ਉਦਾਰਵਾਦੀ ਇੰਨੇ ਕਮਜ਼ੋਰ, ਇੰਨੇ ਸੁਆਰਥੀ ਅਤੇ ਕਾਰਪੋਰੇਟ ਹਿੱਤਾਂ ਦੇ ਇੰਨੇ ਨਜ਼ਰੀਏ ਵਾਲੇ ਹਨ ਕਿ ਉਹ ਲੋਕਾਂ ਲਈ ਲੜ ਨਹੀਂ ਸਕਦੇ। ਉਹ ਬਦਲਾਅ ਨਹੀਂ ਲਿਆ ਸਕਦੇ, ਉਹ ਉਮੀਦ ਨਹੀਂ ਜਗਾ ਸਕਦੇ। ਜਗਮੀਤ ਨੇ ਅੱਗੇ ਲਿਖਿਆ ਹੈ ਕਿ ਵੱਡੀਆਂ ਕੰਪਨੀਆਂ ਅਤੇ ਸੀਈਓ ਦੀਆਂ ਆਪਣੀਆਂ ਸਰਕਾਰਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਹਮਾਇਤ ਵਾਪਸ ਲੈਣ ਦੇ ਬਾਵਜੂਦ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।

2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ-ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਲਈ ਮਾਰਚ 2022 ਵਿਚ ‘ਭਰੋਸਾ ਤੇ ਸਪਲਾਈ’ ਸਮਝੌਤਾ ਕੀਤਾ ਸੀ, ਜਿਸ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰ ਕੇ ਐੱਨ.ਡੀ.ਪੀ. ਨੇ ਭਵਿੱਖ ‘ਚ ਮੁੱਦਿਆਂ ਦੇ ਆਧਾਰ ‘ਤੇ ਟਰੂਡੋ ਸਰਕਾਰ ਦਾ ਸਾਥ ਦੇਣ ਜਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਵਾਬ ਦਿੱਤਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਸਬੰਧੀ ਆਪਣਾ ਪ੍ਰਤੀਕਰਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਐਨਡੀਪੀ ਨੂੰ ਰਾਜਨੀਤੀ ‘ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਕੈਨੇਡੀਅਨਾਂ ਲਈ ਕੀ ਕਰ ਸਕਦੇ ਹਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਵੇਂ ਕਿ ਅਸੀਂ ਪਿਛਲੇ ਸਾਲਾਂ ਵਿੱਚ ਕੀਤਾ ਹੈ।

ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੀਆਂ ਚੋਣਾਂ ਜੂਨ ਤੋਂ ਪਹਿਲਾਂ ਨਹੀਂ ਹੋਣਗੀਆਂ, ਜਿਸ ਨਾਲ ਉਨ੍ਹਾਂ ਦੀ ਸਰਕਾਰ ਕੋਲ ਫਾਰਮਾਕੇਅਰ, ਡੈਂਟਲ ਅਤੇ ਸਕੂਲ ਪ੍ਰੋਗਰਾਮਾਂ ‘ਤੇ ਕੰਮ ਕਰਨ ਦਾ ਸਮਾਂ ਹੋਵੇਗਾ। ਇਸ ਦੇ ਨਾਲ ਹੀ ਗੌਰਮਿੰਟ ਹਾਊਸ ਦੀ ਨੇਤਾ ਕਰੀਨਾ ਗੋਲਡ ਨੇ ਕਿਹਾ ਕਿ ਪਿਛਲੇ ਹਫਤੇ ਹੀ ਉਨ੍ਹਾਂ ਕਿਹਾ ਸੀ ਕਿ ਇਹ ਸਮਝੌਤਾ ਜੂਨ ਤੱਕ ਚੱਲੇਗਾ ਪਰ ਸਿੰਘ ਦਾ ਫੈਸਲਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਐਨਡੀਪੀ ਅਜਿਹਾ ਕਰਨ ਜਾ ਰਹੀ ਹੈ।

। ਐੱਨਡੀਪੀ ਨੇ ਕੁਝ ਸ਼ਰਤਾਂ ਦੇ ਆਧਾਰ ’ਤੇ ਲਿਬਰਲ ਪਾਰਟੀ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਫਾਰਮਾ ਕੇਅਰ, ਡੈਂਟਲ ਪ੍ਰੋਗਰਾਮ ਜਿਹੇ ਐੱਨਡੀਪੀ ਦੇ ਮੁੱਖ ਮੁੱਦੇ ਸ਼ਾਮਲ ਸਨ। ਇਹ ਸਮਝੌਤਾ ਲਿਬਰਲ ਪਾਰਟੀ ਤੇ ਐੱਨਡੀਪੀ ’ਚ ਮਾਰਚ 2022 ਨੂੰ ਸਾਇਨ ਹੋਇਆ ਸੀ ਜੋ ਜੂਨ 2025 ਤੱਕ ਸੀ। ਆਮ ਚੋਣਾਂ ਅਕਤੂਬਰ 2025 ’ਚ ਹੋਣੀਆਂ ਸਨ ਪਰ ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਹੀ ਹਮਾਇਤ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਰਲਾਂ ਨੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਈ ਹੈ। ਇਸ ਲਈ ਉਹ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਰਹੇ ਹਨ। ਇਸ ਸਬੰਧੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਰਦ ਰੁੱਤ ਸੈਸ਼ਨ ’ਚ ਕੋਈ ਅਜਿਹਾ ਵਿੱਤੀ ਬਿੱਲ ਲਿਆਂਦਾ ਜਾਵੇਗਾ ਜਿਸ ’ਚ ਵੋਟਿੰਗ ਦੌਰਾਨ ਲਿਬਰਲਾਂ ਨੂੰ ਢਾਹ ਲੱਗ ਸਕਦੀ ਹੈ। ਸਿੱਟੇ ਵਜੋਂ ਸਰਕਾਰ ਮੂੰਹ ਦੇ ਭਾਰ ਡਿੱਗ ਸਕਦੀ ਹੈ।