ਨਵੀਂ ਦਿੱਲੀ-ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਭਰ ਵਿੱਚ 2 ਲੱਖ 75 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹੋਏ ਹਨ। ਲਾਪਤਾ ਬੱਚਿਆਂ ਵਿੱਚ 2 ਲੱਖ, 12 ਹਜ਼ਾਰ ਲੜਕੀਆਂ ਹਨ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪਿਛਲੇ ਹਫ਼ਤੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 2018 ਤੋਂ ਜੂਨ 2023 ਤੱਕ ਕੁੱਲ 2,75,125 ਬੱਚੇ ਲਾਪਤਾ ਹੋਏ, ਜਿਨ੍ਹਾਂ ਵਿੱਚੋਂ 2,12,825 ਲੜਕੀਆਂ ਹਨ। ਲੋਕ ਸਭਾ ਵਿੱਚ ਦਿੱਤੀ ਜਾਣਕਾਰੀ ਅਨੁਸਾਰ 2 ਲੱਖ, 40 ਹਜ਼ਾਰ (2,40,502) ਬੱਚਿਆਂ ਦਾ ਪਤਾ ਲਗਾਇਆ ਗਿਆ, ਜਿਨ੍ਹਾਂ ਵਿੱਚੋਂ 1,73,786 (1.73 ਲੱਖ) ਲੜਕੀਆਂ ਹਨ।
ਸਮ੍ਰਿਤੀ ਇਰਾਨੀ ਨੇ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਦੀ ਚਾਈਲਡ ਹੈਲਪਲਾਈਨ ਲਾਪਤਾ ਬੱਚਿਆਂ ਨੂੰ ਲੱਭਣ ਲਈ ਦੇਸ਼ ਭਰ ਵਿੱਚ ਕੰਮ ਕਰ ਰਹੀ ਹੈ। ਲਾਪਤਾ ਬੱਚਿਆਂ ਦਾ ਪਤਾ ਲਗਾਉਣ ਲਈ ਇੱਕ ਟ੍ਰੈਕ ਚਾਈਲਡ ਪੋਰਟਲ ਵੀ ਹੈ।
ਸਭ ਤੋਂ ਵੱਧ ਬੱਚੇ ਮੱਧ ਪ੍ਰਦੇਸ਼ ਤੋਂ ਲਾਪਤਾ ਹੋਏ ਹਨ। ਮੱਧ ਪ੍ਰਦੇਸ਼ ਵਿੱਚ ਲਾਪਤਾ ਬੱਚਿਆਂ ਦੀ ਗਿਣਤੀ 61 ਹਜ਼ਾਰ ਤੋਂ ਵੱਧ ਹੈ। ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਪੱਛਮੀ ਬੰਗਾਲ ਦੂਜੇ ਨੰਬਰ ‘ਤੇ ਹੈ। ਇਸ ਸੂਬੇ ਦੇ 49 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹਨ। ਰਿਪੋਰਟ ਅਨੁਸਾਰ ਸੱਤ ਰਾਜਾਂ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਕਰਨਾਟਕ, ਗੁਜਰਾਤ, ਦਿੱਲੀ ਅਤੇ ਛੱਤੀਸਗੜ੍ਹ ਵਿੱਚ ਸਭ ਤੋਂ ਵੱਧ ਬੱਚੇ ਲਾਪਤਾ ਹੁੰਦੇ ਹਨ। ਇਨ੍ਹਾਂ ਰਾਜਾਂ ਵਿੱਚ ਲਾਪਤਾ ਬੱਚਿਆਂ ਦੀ ਕੁੱਲ ਗਿਣਤੀ 2 ਲੱਖ, 14 ਹਜ਼ਾਰ, 664 ਹੈ। ਯਾਨੀ ਕੁੱਲ ਲਾਪਤਾ ਬੱਚਿਆਂ ਵਿੱਚੋਂ 78 ਫ਼ੀਸਦੀ ਇਨ੍ਹਾਂ ਸੱਤ ਰਾਜਾਂ ਦੇ ਹਨ।