‘ਦ ਖ਼ਾਲਸ ਬਿਊਰੋ : ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਵੱਲੋਂ ਪੂਰੇ ਪਾਕਿਸਤਾਨ ‘ਚ ਰੈਲੀਆਂ ਕੀਤੀਆਂ ਜਾਰਹੀਆਂ ਹਨ। ਕਰਾਚੀ ਅਤੇ ਲਾਹੌਰ ਵਿਚ ਹਜ਼ਾਰਾਂ ਸਮਰਥਕ ਇਕੱਠੇ ਹੋਏ, ਰਾਤ ਦੇ ਹਨੇਰੇ ਵਿਚ ਝੰਡੇ ਅਤੇ ਮਸ਼ਾਲਾਂ ਦਿਖਾਉਂਦੇ ਹੋਏ ਅਤੇ ਇਮਰਾਨ ਖਾਨ ਦੇ ਸਮਰਥਨ ਨੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਇਮਰਾਨ ਖਾਨ ਦੀ ਪਾਰਟੀ ਦੇ ਬੁਲਾਰੇ ਫਵਾਦ ਚੌਧਰੀ ਨੇ ਲੋਕਾਂ ਨੂੰ ਸ਼ਾਮ ਦੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰ ਸ਼ਨ ਕਰਨ ਦੀ ਅਪੀਲ ਕੀਤੀ ਸੀ। ਸ਼ਨੀਵਾਰ ਦੇਰ ਰਾਤ ਹੋਏ ਬੇਭਰੋਸਗੀ ਮਤੇ ‘ਤੇ ਹੋਈ ਵੋਟਿੰਗ ‘ਚ ਇਮਰਾਨ ਖਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਡਿੱਗ ਗਈ।
ਵਿਰੋਧੀ ਗਠਜੋੜ ਦੇਸ਼ ਦੀ ਅਰਥਵਿਵਸਥਾ ਦੇ ਢਹਿ-ਢੇਰੀ ਹੋਣ ਲਈ ਇਮਰਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ ਪਰ ਖਾਨ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਉਖਾੜ ਸੁੱਟਣ ਦੀ ਅਮਰੀਕਾ ਦੀ ਸਾਜ਼ਿਸ਼ ਦਾ ਸ਼ਿਕਾਰ ਹਨ।