International

ਪਾਕਿਸਤਾਨ ਵਿੱਚ ਦੂਜੇ ਦਿਨ ਵੀ ਬੁਰਾ ਹਾਲ !ਪੰਜਾਬ ‘ਚ ਫੌਜ ਤਾਇਨਾਤ ! ਵੇਖੋ ਪਾਕਿਸਤਾਨ ‘ਚ ਤਬਾਈ ਦੀ 10 ਤਸਵੀਰਾਂ

ਬਿਊਰੋ ਰਿਪੋਰਟ : ਸਾਬਕਾ PM ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਹਿੰਸਾ ਦੂਜੇ ਦਿਨ ਵੀ ਜਾਰੀ ਰਹੀ । ਹੁਣ ਤੱਕ 8 ਲੋਕਾਂ ਦੀ ਮੌਤ ਦੀ ਖਬਰ ਹੈ । ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬੇ ਵਿੱਚ ਫੌਜ ਤਾਇਨਾਤ ਕੀਤੀ ਗਈ ਹੈ । ਚਾਂਗ ਇਲਾਕੇ ਵਿੱਚ ਮੌਜੂਦ ਨਿਊਕਲੀਅਰ ਫੈਸਿਲਿਟੀ ‘ਤੇ ਫੌਜ ਦੇ ਕਮਾਂਡੋ ਤਾਇਨਾਤ ਹਨ, ਪੇਸ਼ਾਵਰ ਵਿੱਚ ਰੇਡੀਓ ਪਾਕਿਸਤਾਨ ਦੀ ਬਿਲਡਿੰਗ ‘ਤੇ ਅੱਗ ਲੱਗਾ ਦਿੱਤੀ ਗਈ ਹੈ । ਇਮਰਾਨ ਦੀ ਪਾਰਟੀ ਪਾਕਿਸਤਾਨ ਤਹਰੀਕ-ਏ- ਇਨਸਾਫ (PTI) ਨੇ 18 ਸ਼ਹਿਰਾਂ ਵਿੱਚ ਹਿੰਸਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਪੂਰੇ ਦੇਸ਼ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ ।

ਇਮਰਾਨ ਨੂੰ 14 ਦਿਨ ਦੀ ਰਿਮਾਂਡ ‘ਤੇ ਭੇਜਿਆ ਗਿਆ

ਉਧਰ ਦੂਜੇ ਪਾਸੇ ਨੈਸ਼ਨਲ ਅਕਾਉਂਟੇਬਿਲੀਟੀ ਬਿਊਰੋ ਦੀ ਸਪੈਸ਼ਲ ਟੈਮਪਰੇਰੀ ਕੋਰਟ ਵਿੱਚ ਇਮਰਾਨ ਦੀ ਪੇਸ਼ੀ ਹੋਈ । ਜਾਂਚ ਏਜੰਸੀ ਨੇ 14 ਦਿਨ ਦੀ ਰਿਮਾਂਡ ਮੰਗੀ ਸੀ । ਜੱਜ ਨੇ ਇਮਰਾਨ ਨੂੰ 8 ਦਿਨ ਦੀ ਫਿਜਿਕਲ ਰਿਮਾਂਡ ‘ਤੇ ਜਾਂਚ ਏਜੰਸੀ ਨੂੰ ਸੌਂਪ ਦਿੱਤਾ । ਇਸੇ ਜਾਂਚ ਏਜੰਸੀ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ 60 ਅਰਬ ਪਾਕਿਸਤਾਨੀ ਰੁਪਏ ਘੁਟਾਲੇ ਵਿੱਚ ਮੁਲਜ਼ਮ ਬਣਾ ਕੇ ਗ੍ਰਿਫਤਾਰ ਕੀਤਾ ਸੀ । ਜਾਂਚ ਏਜੰਸੀ ਨੇ ਖਾਨ ਦੀ ਪਤਨੀ ਬੁਸ਼ਰਾ ਦੇ ਲਈ ਵੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ । PTI ਵਿੱਚ ਨੰਬਰ 2 ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਨੰਬਰ ਤਿੰਨ ਅਸਦ ਉਮਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ । ਉਧਰ ਇਮਰਾਨ ਖਾਨ ਦੇ ਵਕੀਲ ਨੂੰ ਪੇਸ਼ੀ ਦੌਰਾਨ ਸੱਟ ਲੱਗੀ ਹੈ । PTI ਦਾ ਇਲਜ਼ਾਮ ਹੈ ਕਿ ਇਮਰਾਨ ਦੇ ਵਕੀਲ ਨਾਲ ਕੁੱਟਮਾਰ ਕੀਤੀ ਗਈ ਹੈ ।

 

ਪੂਰੇ ਦੇਸ਼ ਵਿੱਚੋ ਹਿੰਸਾ ਦੀਆਂ ਤਸਵੀਰਾਂ

ਪੇਸ਼ਾਵਰ ਵਿੱਚ PTI ਵਰਕਰਾਂ ਨੇ ਪ੍ਰਦਰਸ਼ਨ ਦੌਰਾਨ ਇੱਕ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਇਸਲਾਮਾਬਾਦ ਹਾਈਕੋਰਟ ਦੇ ਬਾਹਰ ਵੀ PTI ਦੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਪੱਥਰਬਾਜ਼ੀ ਕੀਤੀ । ਪੁਲਿਸ ਨੇ ਕੋਰਟ ਦੇ ਬਾਹਰ ਅਥਰੂ ਗੈਸ ਦੇ ਗੋਲੇ ਛੱਡੇ,ਵਾਟਰ ਕੈਨਨ ਦੀ ਵਰਤੋਂ ਕੀਤੀ । ਇਮਰਾਨ ਖਾਨ ਦੀ ਪਾਰਟੀ ਦੇ ਵਰਕਰਾਂ ਨੇ ਕਈ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ । ਜ਼ਿਆਦਾਤਰ ਸ਼ਹਿਰਾਂ ਵਿੱਚ ਧਾਰਾ 144 ਲਗਾਈ ਗਈ ।

ਫੌਜ ਨੇ ਕਿਹਾ ਸਾਡਾ ਕੋਈ ਲੈਣਾ-ਦੇਣਾ ਨਹੀਂ

ਜੀਉ ਨਿਊਜ਼ ਨੇ ਪਾਕਿਸਤਾਨ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਇਮਰਾਨ ਖਾਨ ਦੀ ਗ੍ਰਿਫਤਾਰੀ ਵਿੱਚ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੀ ਗ੍ਰਿਫਤਾਰੀ ਕਾਨੂੰਨ ਦੇ ਮੁਤਾਬਿਕ ਹੋਈ ਹੈ, ਦੇਸ਼ ਵਿੱਚ ਜਾਰੀ ਹਿੰਸਾ ‘ਤੇ ਫੌਜ ਨੇ ਕਿਹਾ PTI ਦੇ ਕੁਝ ਆਗੂ ਹਿੰਸਾ ਨੂੰ ਭੜਕਾ ਰਹੇ ਹਨ । ਇਸ ਦੇ ਪਿੱਛੇ ਸਿਰਫ ਸਿਆਸੀ ਮਕਸਦ ਹੈ,ਇਸ ਤਰ੍ਹਾਂ ਦੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਵਿਦੇਸ਼ਾਂ ਵਿੱਚ ਵੀ ਪ੍ਰਦਰਸ਼ਨ

PTI ਨੇ ਆਗੂ ਫਹਾਦ ਚੌਧਰੀ ਨੇ ਕਿਹਾ ਕਿ ਪਾਰਟੀ ਇਸਲਾਮਾਬਾਦ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇਗੀ,ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਨਿਊਯਾਰਕ,ਕੈਨੇਡਾ,ਲੰਦਨ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਮਰੀਕਾ ਅਤੇ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ । ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ।