‘ਦ ਖਾਲਸ ਬਿਊਰੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਜੂਦਾ ਮੈਂਬਰ ਤੇ ਸਾਬਕਾ ਸਕੱਤਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ‘ਦ ਖਾਲਸ ਟੀਵੀ ਨਾਲ ਗੱਲਬਾਤ ਕਰਦੇ ਹੋਏ ਕਈ ਅਹਿਮ ਖੁਲਾਸੇ ਕੀਤੇ ਹਨ।ਉਹਨਾਂ ਆਰਟੀਆਈ ਰਾਹੀਂ ਇੱਕਠੀ ਕੀਤੀ ਜਾਣਕਾਰੀ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਹੈ ਕਿ ਗੁਰੂ ਘਰਾਂ ਵਿੱਚ ਵੱਡੇ ਜ਼ਮੀਨੀ ਘੋਟਾਲੇ ਹੋਏ ਹਨ। ਆਪਣੇ ਇਹਨਾਂ ਦਾਅਵਿਆਂ ਦੇ ਸਬੂਤ ਵਜੋਂ ਉਹਨਾਂ ਆਰਟੀਆਈ ਰਾਹੀਂ ਮਿਲੀ ਜਾਣਕਾਰੀ ਨੂੰ ਵੀ ਸਭ ਨਾਲ ਸਾਂਝਾ ਕੀਤਾ ਹੈ।
ਇਹ ਸਾਰਾ ਮਾਮਲਾ ਸਭ ਦੀ ਨਜ਼ਰ ਵਿੱਚ ਉਦੋਂ ਆਇਆ ਜਦੋਂ 25 ਮਾਰਚ ਨੂੰ ਚੰਡੀਗੜ੍ਹ ਵਿੱਚ ਮਾਸਟਰ ਮਿੱਠੂ ਸਿੰਘ ਕਾਹਨੇਕੇ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਇਹ ਖੁਲਾਸਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਆਉਂਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਜ਼ਮੀਨਾਂ ਵਿੱਚ ਘੱਪਲਾ ਹੋਇਆ ਹੈ।
ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਦਾਅਵਾ ਹੈ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਆਉਂਦੇ ਤਕਰੀਬਨ 63 ਗੁਰੂਘਰ ਅਜਿਹੇ ਹਨ,ਜਿੱਥੇ ਇਹ ਘਪਲਾ ਹੋਇਆ ਹੈ।ਇਹ ਸਾਰੀ ਜਾਣਕਾਰੀ ਪਤਰਕਾਰ ਹਰਮੀਤ ਸਿੰਘ ਮਹਿਰਾਜ ਨੇ ਆਰਟੀਆਈ ਰਾਹੀਂ ਹਾਸਲ ਕੀਤੀ ਹੈ ਤੇ ਇਸ ਵਿੱਚ ਪਿਛਲੇ 17 ਸਾਲਾਂ ਦਾ ਸਾਰਾ ਰਿਕਾਰਡ ਹੈ।
ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਕਹਿਣਾ ਹੈ ਕਿ ਪੰਜਾਬ ਦੇ ਮਾਝੇ ਤੇ ਮਾਲਵੇ ਦੇ ਇਲਾਕਿਆਂ ਵਿੱਚ ਗੁਰੂਘਰਾਂ ਦੀ ਜ਼ਮੀਨ ਦੇ ਠੇਕਿਆਂ ਦੇ ਰੇਟ ਵਿੱਚ ਕਾਫੀ ਫ਼ਰਕ ਸਾਹਮਣੇ ਆਇਆ ਹੈ।ਮਾਲਵੇ ਵਿੱਚ ਗੁਰੂਘਰਾਂ ਦੀ ਠੇਕੇ ‘ਤੇ ਲਈ ਗਈ ਜ਼ਮੀਨ ਦਾ 60-70 ਹਜਾਰ ਰੁਪਏ ਪ੍ਰਤੀ ਏਕੜ ਰੇਟ ਚੱਲ ਰਿਹਾ ਹੈ ਪਰ ਜੇ ਮਾਝੇ ਵੱਲ ਝਾਤ ਮਾਰੀਏ ਤਾਂ ਇਹ ਰੇਟ ਅੱਧ ਤੋਂ ਵੀ ਕਿਤੇ ਘੱਟ ਯਾਨੀ ਕਿ ਸਿਰਫ 17000 ਰੁਪਏ ਪ੍ਰਤੀ ਏਕੜ ਹੈ,ਜੋ ਕਿ ਸ਼ੱਕੀ ਮਾਮਲਾ ਹੈ।
ਮਾਝਾ ਇਲਾਕੇ ਦੇ ਤਿੰਨ ਗੁਰਦੁਆਰਿਆਂ ਡੇਰਾ ਬਾਬਾ ਨਾਨਕ,ਬੀੜ ਬਾਬਾ ਬੁੱਢਾ ਜੀ ਤੇ ਬੀੜ ਬਾਬਾ ਬੁੱਢਾ ਸਾਹਿਬ ਤੇਜਾ ਕਲਾਂ ਦੇ ਗੁਰੂਘਰਾਂ ਦਾ ਵੇਰਵਾ 25 ਮਾਰਚ ਨੂੰ ਹੋਈ ਪ੍ਰੈਸ ਕਾਨਫ੍ਰੰਸ ਵਿੱਚ ਦਿੱਤਾ ਗਿਆ ਸੀ।ਮਾਸਟਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸਵਾਲ ਉਠਾਇਆ ਹੈ ਕਿ ਮਾਝੇ ਦੀ ਧਰਤੀ ਮਾਲਵੇ ਨਾਲੋਂ ਕੀਤੇ ਜਿਆਦਾ ਉਪਜਾਊ ਤੇ ਜ਼ਰਖੇਜ ਹੈ,ਫਿਰ ਇਹ ਫਰਕ ਕਿਉਂ ਹੈ?ਇਸ ਗੱਲ ਨੂੰ ਲੈ ਕੇ ਸਵਾਲ ਖੜਾ ਹੁੰਦਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮਦਨ ‘ਤੇ ਵੀ ਖਾਸਾ ਅਸਰ ਪੈਂਦਾ ਹੈ।ਇਹ ਜ਼ਮੀਨਾਂ ਅਸਰ ਰਸੂਖ ਵਾਲੇ ਵਿਅਕਤੀਆਂ ਕੋਲ ਹੋਣ ਕਾਰਣ ਉਹ ਆਪਣੀ ਮਰਜੀ ਨਾਲ ਇਨਾਂ ਹੀ ਠੇਕਾ ਦਿੰਦੇ ਹਨ।
ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਗੱਲ ਕਹੀ ਹੈ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਅਧੀਨ ਆਉਂਦੇ 63 ਗੁਰੂਘਰਾਂ ਕੋਲ ਇਸ ਵਕਤ 1229 ਏਕੜ ਜ਼ਮੀਨ ਹੈ।ਡੇਰਾ ਬਾਬਾ ਨਾਨਕ , ਬੀੜ ਬਾਬਾ ਬੁੱਢਾ ਸਾਹਿਬ ਰਾਮਦਾਸ,ਗੁਰਦੁਆਰਾ ਚੋਹਲਾ ਸਾਹਿਬ, ਬੀੜ ਬਾਬਾ ਬੁੱਢਾ ਸਾਹਿਬ ਤੇਜਾ ਕਲਾਂ ਦੇ ਗੁਰੂਘਰਾਂ ਤੋਂ ਇਲਾਵਾ ਚਰਨ ਕੰਵਲ ਸਾਹਿਬ ,ਬੰਗਾ,ਗੁਰਦੁਆਰਾ ਬਾਠ ਸਾਹਿਬ,ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਬਾਉਲੀ ਸਾਹਿਬ ,ਇਹਨਾਂ ਸਾਰਿਆਂ ਗੁਰੂਘਰਾਂ ‘ਤੋਂ ਕਮੇਟੀ ਨੂੰ ਸਾਲਾਨਾ ਆਮਦਨ 18-19 ਹਜਾਰ ਪ੍ਰਤੀ ਏਕੜ ਆ ਰਹੀ ਹੈ ਜਦੋਂ ਕਿ ਦੂਸਰੇ ਪਾਸੇ ਮਾਲਵਾ ਪੱਟੀ ਦੀ ਗੱਲ ਕਰੀਏ ਤਾਂ ਹੰਡਿਆਇਆ ਸਾਹਿਬ ਕੋਲ ਜ਼ਮੀਨ 110 ਏਕੜ ਤੇ ਆਮਦਨ 62 ਹਜ਼ਾਰ ਪ੍ਰਤੀ ਏਕੜ , ਭੀਖੀ ਵਿੱਖੇ ਗੁਰੂਘਰ ਕੋਲ ਜ਼ਮੀਨ 110 ਏਕੜ ਤੇ ਆਮਦਨ 75 ਹਜ਼ਾਰ,ਨਾਨਕਿਆਣਾ ਸਾਹਿਬ ਸੰਗਰੂਰ ਕੋਲ 166 ਏਕੜ ,ਲੌਂਗੋਵਾਲ ਸਾਹਿਬ ਕੋਲ 275 ਏਕੜ ਜ਼ਮੀਨ ਤੇ ਆਮਦਨ 64-65 ਹਜ਼ਾਰ ਪ੍ਰਤੀ ਏਕੜ ਤੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਕੋਲ 437 ਏਕੜ ਜ਼ਮੀਨ ਹੈ।ਇਸ ਤਰਾਂ ਨਾਲ ਮਾਝੇ ਤੇ ਮਾਲਵੇ ਵਿੱਚ ਠੇਕੇ ਦਾ ਅੰਤਰ ਬਹੁਤ ਜਿਆਦਾ ਹੈ।ਇਥੋਂ ਤੱਕ ਕਿ ਪਿੰਡ ਜੋੜੀਆਂ ਕਲਾਂ ਵਿੱਚ ਵੀ ਗੁਰੂਘਰ ਦੀ 49 ਕਨਾਲ 16 ਮਰਲੇ ਜ਼ਮੀਨ ‘ਤੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਣਿਆ ਹੋਇਆ ਹੈ ,ਜਿਸ ਦਾ ਸਾਲਾਨਾ ਠੇਕਾ ਸਿਰਫ 1000 ਰੁਪਏ ਆਉਂਦਾ ਹੈ।ਇਸ ਸਕੂਲ ਵੀ ਹੁਣ ਇੱਕ ਅਕਾਲੀ ਆਗੂ ਕੋਲ 99 ਸਾਲਾਂ ਲਈ ਲੀਜ਼ ‘ਤੇ ਹੈ।ਇਸ ਤੋਂ ਇਲਾਵਾ ਇੱਕ ਹੋਰ ਪਿੰਡ ਵਿੱਚ ਸਥਿਤ ਗੁਰੂਘਰ ਦੀ ਜ਼ਮੀਨ ਤੋਂ ਵੀ 1000 ਰੁਪਏ ਹੀ ਠੇਕਾ ਆ ਰਿਹਾ ਹੈ ।
ਬੀੜ ਬਾਬਾ ਬੁੱਢਾ ਸਾਹਿਬ ਰਾਮਦਾਸ ਦੇ ਕੋਲ 1486 ਏਕੜ ਜ਼ਮੀਨ ਹੈ,ਜਿਸ ਵਿੱਚੋਂ 1411 ਏਕੜ ਠੇਕੇ ਤੇ ਹੈ,32 ਏਕੜ ਖੁਦਕਾਸ਼ਤ ਹੈ।ਇਸ ਤੋਂ ਇਲਾਵਾ 4 ਏਕੜ ਦੀ ਜ਼ਮੀਨ ‘ਤੇ ਹਸਪਤਾਲ ਬਣਿਆ ਹੋਇਆ ਹੈ ਤੇ 5 ਏਕੜ ਦੀ ਜ਼ਮੀਨ ਤੇ ਸਕੂਲ ਹੈ ਤੇ ਇਹ ਦੋਨੋਂ 99 ਸਾਲ ਲਈ ਲੀਜ਼ ‘ਤੇ ਹਨ।ਇਸ ਸਾਰੀ 1450 ਏਕੜ ਜ਼ਮੀਨ ‘ਤੋਂ ਸਾਲਾਨਾ ਆਮਦਨ ਸਿਰਫ਼ 32000 ਰੁਪਏ ਪ੍ਰਤੀ ਏਕੜ ਹੀ ਹੈ।
ਬਾਬਾ ਬੁੱਢਾ ਜੀ ਤੇਜਾਂ ਕਲਾਂ ਦੀ 671 ਏਕੜ ਜ਼ਮੀਨ ‘ਚੋਂ 130 ਏਕੜ ਜ਼ਮੀਨ ਦੀ ਸਾਲਾਨਾ ਆਮਦਨ ਦਾ ਵੇਰਵਾ 7000-8000 ਰੁਪਏ ਹੈ ਜਦੋਂ ਕਿ ਬਾਕੀ ਰਹਿੰਦੀ ਜ਼ਮੀਨ ਸੰਬੰਧੀ ਕੇਸ ਚੱਲ ਰਿਹਾ ਹੈ।
ਗੁਰਦੁਆਰਾ ਚੋਹਲਾ ਸਾਹਿਬ ਪਾਤਸ਼ਾਹੀ ਪੰਜਵੀ ਤਰਨਤਾਰਨ ਦੀ ਕੁੱਲ 384 ਏਕੜ ਜ਼ਮੀਨ ‘ਚੋਂ 365 ਕਿੱਲੇ ਜ਼ਮੀਨ ਠੇਕੇ ‘ਤੇ ਦਿੱਤੀ ਗਈ ਹੈ ਤੇ ਇਥੋਂ ਵੀ 19000 ਰੁਪਏ ਪ੍ਰਤੀ ਏਕੜ ਸਾਲਾਨਾ ਆਮਦਨ ਹੈ।
ਇਹਨਾਂ ਤੋਂ ਬਾਅਦ ਜੇ ਹੁਣ ਮਾਲਵਾ ਇਲਾਕੇ ਦੇ ਗੁਰੂਘਰਾਂ ਦੀ ਗੱਲ ਕਰੀਏ ਤਾਂ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਦਸਿਆ ਹੈ ਕਿ ਭਾਈ ਰੂਪਾ ਗੁਰੂਘਰ ਦੀ 165 ਏਕੜ ਜ਼ਮੀਨ ਪਿੱਛਲੇ 5 ਸਾਲ ਤੋਂ ਖਾਲੀ ਪਈ ਹੈ।ਇਸ ਨੂੰ ਨਾ ਤਾਂ ਠੇਕੇ ਤੇ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਇਸ ਤੇ ਖੁੱਦ ਕਾਸ਼ਤ ਕੀਤੀ ਜਾ ਰਹੀ ਹੈ ।
ਪਿੰਡ ਮੋੜ ਕਲਾਂ ਵਿੱਚ ਗੁਰੂਘਰ ਦੀ 100 ਏਕੜ ਤੋਂ ਵੱਧ ਜ਼ਮੀਨ ਸਬੰਧੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਕਿਉਂਕਿ ਕਿਸੇ ਅਕਾਲੀ ਆਗੂ ਦੇ ਨਿੱਜੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਮਲੇ ਨੂੰ ਵਿੱਚ ਹੀ ਲਟਕਾਇਆ ਗਿਆ ਹੈ।
ਗੁਰੂਘਰਾਂ ਦੀ ਜ਼ਮੀਨਾਂ ਸਬੰਧੀ ਮਾਮਲਿਆਂ ਵਿੱਚ ਸਿੱਧੀ ਸਿਆਸੀ ਦਖਲਅੰਦਾਜੀ ਹੋਣ ਕਰਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਲਾਨਾ ਆਮਦਨ ਵਿੱਚ ਭਾਰੀ ਘਾਟਾ ਪੈ ਰਿਹਾ ਹੈ।ਕਿਉਂਕਿ ਕਈ ਅਸਰ-ਰਸੂਖ ਰੱਖਣ ਵਾਲਿਆਂ ਨੇ ਕਮੇਟੀ ਦੀ ਜ਼ਮੀਨ ਘੱਟ ਭਾਅ ‘ਤੇ ਲੈ ਕੇ ਅੱਗੇ ਵੱਧ ਭਾਅ ‘ਤੇ ਕਿਸੇ ਹੋਰ ਨੂੰ ਠੇਕੇ ਤੇ ਦਿੱਤੀ ਹੋਈ ਹੈ,ਜੋ ਕਿ ਸਰਾਸਰ ਗਲਤ ਹੈ।
ਹੁਣ ਇਸ ਸਾਰੇ ਮਾਮਲਿਆਂ ਨੂੰ ਦੇਖਿਆ ਜਾਵੇ ਤਾਂ ਕੀਤੇ ਗਏ ਸਾਰੇ ਦਾਅਵੇ ਬਹੁਤ ਗੰਭੀਰ ਹਨ ਤੇ ਆਰਟੀਆਈ ਤੋਂ ਮਿਲੀ ਜਾਣਕਾਰੀ ਇਹਨਾਂ ਨੂੰ ਹੋਰ ਵੀ ਪੁਖਤਾ ਕਰਦੀ ਹੈ।ਸੋ ਜਰੂਰੀ ਹੈ ਕਿ ਰਾਜਨੀਤੀ ਦੇ ਪਰਛਾਵੇਂ ‘ਚੋਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਰਸੂਖ ਨੂੰ ਮੁੱੜ ਕਾਇਮ ਕੀਤਾ ਜਾਵੇ।