ਦਿੱਲੀ : ਕੋਰੋਨਾ ਮਹਾਮਾਰੀ ਦਾ ਖ਼ਤਰਾ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 4435 ਮਾਮਲੇ ਦਰਜ ਕੀਤੇ ਗਏ ਹਨ। ਅਤੇ ਹੁਣ ਭਾਰਤ ਵਿੱਚ ਸਰਗਰਮ ਮਰੀਜ਼ਾਂ (Coronavirus Testing) ਦੀ ਗਿਣਤੀ 23 ਹਜ਼ਾਰ ਨੂੰ ਪਾਰ ਕਰ ਗਈ ਹੈ।
25 ਸਤੰਬਰ 2022 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਦੇਸ਼ ਵਿੱਚ ਇਕ ਦਿਨ ਵਿੱਚ 4000 ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਸਾਲ 25 ਸਤੰਬਰ ਨੂੰ ਕੁੱਲ 4,777 ਮਾਮਲੇ ਦਰਜ ਕੀਤੇ ਗਏ ਸਨ।
ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਵਕੀਲਾਂ ਨੂੰ ਵਰਚੂਅਲ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਵਕੀਲ ਵਰਚੂਅਲ ਸੁਣਵਾਈ ਲਈ ਪੇਸ਼ ਹੋ ਸਕਦੇ ਹਨ। ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਸਾਨੂੰ ਅਖਬਾਰਾਂ ਰਾਹੀਂ ਪਤਾ ਲੱਗਾ ਹੈ ਕਿ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਵਕੀਲ ਹਾਈਬ੍ਰਿਡ ਮੋਡ ਰਾਹੀਂ ਸੁਣਵਾਈ ਵਿੱਚ ਹਾਜ਼ਰ ਹੋ ਸਕਦੇ ਹਨ।
ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਤਾਜ਼ਾ ਮਾਮਲਿਆਂ ਦੇ ਨਾਲ ਭਾਰਤ ਵਿੱਚ ਕੋਵਿਡ-19 ਦੀ ਗਿਣਤੀ 4.47 ਕਰੋੜ (4,47,33,719) ਤੱਕ ਪਹੁੰਚ ਗਈ ਹੈ, ਜਦੋਂ ਕਿ 15 ਹੋਰ ਮੌਤਾਂ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਨੂੰ 5,30,916 ਤੱਕ ਪਹੁੰਚ ਗਈ ਹੈ।
ਕੋਰੋਨਾ ਕਰਕੇ ਮਹਾਰਾਸ਼ਟਰ ਵਿਚ 4, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਪੁਡੂਚੇਰੀ ਅਤੇ ਰਾਜਸਥਾਨ ਵਿਚ 1-1 ਮੌਤਾਂ ਹੋਈਆਂ ਹਨ। ਸਰਗਰਮ ਕੋਵਿਡ ਕੇਸਾਂ ਦੀ ਗਿਣਤੀ 23,091 ਹੈ। ਸਰਗਰਮ ਕੇਸ ਕੁੱਲ ਲਾਗ ਦਾ 0.05 ਪ੍ਰਤੀਸ਼ਤ ਹਨ।