‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਅੱਜ ਯਾਨਿ 6 ਅਕਤੂਬਰ ਅਤੇ 8 ਅਕਤੂਬਰ ਨੂੰ ਸੁਖਨਾ ਝੀਲ (Sukhna Lake) ਵਿਖੇ ਭਾਰਤੀ ਹਵਾਈ ਸੈਨਾ (IAF) ਦੇ ਏਅਰ ਸ਼ੋਅ ਲਈ ਲਗਭਗ 400 ਬੱਸਾਂ ਨੂੰ ਡਾਇਵਰਟ (Divert) ਕੀਤਾ ਗਿਆ ਹੈ। ਇਸ ਨਾਲ ਆਮ ਬੱਸ ਸੇਵਾਵਾਂ ਦੋਵੇਂ ਦਿਨ (6 ਅਤੇ 8 ਅਕਤੂਬਰ) ਪ੍ਰਭਾਵਿਤ ਰਹਿਣਗੀਆਂ। ਸੀਟੀਯੂ ਪ੍ਰਵੇਸ਼ ਪਾਸ ਦੀ ਬੁਕਿੰਗ ਤੋਂ ਬਾਅਦ ਚੰਡੀਗੜ੍ਹ ਟੂਰਿਜ਼ਮ ਐਪ ਰਾਹੀਂ 20 ਰੁਪਏ ਦੇ ਔਨਲਾਈਨ ਭੁਗਤਾਨ ਦੇ ਬਦਲੇ ਉਤਰਨ/ਪਾਰਕਿੰਗ ਪੁਆਇੰਟਾਂ ਅਤੇ ਸੁਖਨਾ ਝੀਲ ਦੇ ਵਿਚਕਾਰ ਦਰਸ਼ਕਾਂ ਨੂੰ ਲਿਜਾਣ ਲਈ ਇੱਕ ਸ਼ਟਲ ਸੇਵਾ ਚਲਾਏਗਾ।
ਯੂਟੀ ਦੇ ਟਰਾਂਸਪੋਰਟ ਡਾਇਰੈਕਟਰ ਪ੍ਰਦੁਮਨ ਸਿੰਘ ਨੇ ਕਿਹਾ ਕਿ ਦੋਵੇਂ ਦਿਨ ਸਵੇਰੇ 10.30 ਵਜੇ ਤੱਕ ਅਤੇ ਸ਼ਾਮ 8 ਵਜੇ ਤੋਂ ਬਾਅਦ ਆਮ ਬੱਸ ਸੇਵਾਵਾਂ ਉਪਲੱਬਧ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਕੁਝ ਇਲੈਕਟ੍ਰਿਕ ਬੱਸਾਂ ਵੀਆਈਪੀ ਡਿਊਟੀ ‘ਤੇ ਹਨ, ਇਸ ਲਈ ਉਨ੍ਹਾਂ ਦੀਆਂ ਸੇਵਾਵਾਂ ਵੀ ਕੁਝ ਘੰਟਿਆਂ ਲਈ ਉਪਲੱਬਧ ਨਹੀਂ ਰਹਿਣਗੀਆਂ।
ਸਾਰੇ ਸਲਾਟ ਹੋ ਚੁੱਕੇ ਹਨ ਬੁੱਕ
ਯੂਟੀ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ 6 ਅਕਤੂਬਰ ਨੂੰ ਰਿਹਰਸਲ ਏਅਰ ਸ਼ੋਅ ਅਤੇ 8 ਅਕਤੂਬਰ ਨੂੰ ਫਾਈਨਲ ਈਵੈਂਟ ਲਈ ਸਾਰੇ 35,000 ਸਲਾਟ ਬੁੱਕ ਕੀਤੇ ਗਏ ਸਨ। ਯੂਟੀ ਟੂਰਿਜ਼ਮ ਦੇ ਡਾਇਰੈਕਟਰ ਰੁਪੇਸ਼ ਅਗਰਵਾਲ ਨੇ ਕਿਹਾ, “8 ਅਕਤੂਬਰ ਦੇ ਲਈ ਸਾਰੇ ਪਾਸ ਮੰਗਲਵਾਰ ਨੂੰ ਹੀ ਬੁੱਕ ਹੋ ਗਏ ਸਨ। 6 ਅਕਤੂਬਰ ਲਈ ਲਗਭਗ 27,000 ਸੀਟਾਂ ਮੰਗਲਵਾਰ ਨੂੰ ਵੀ ਬੁੱਕ ਕੀਤੀਆਂ ਗਈਆਂ ਸਨ। ਸਾਰੇ ਸਲਾਟ ਬੁੱਕ ਹੋ ਗਏ ਸਨ, ਜਿਸ ਕਰਕੇ ਲੋਕਾਂ ਨੂੰ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਸੀਂ ਨਿੱਜੀ ਤੌਰ ‘ਤੇ ਹਰ ਉਸ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੇ ਸਾਨੂੰ ਸ਼ਿਕਾਇਤ ਭੇਜੀ ਸੀ ਅਤੇ ਅਸੀਂ ਉਨ੍ਹਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਕੈਨੇਡਾ ਸਮੇਤ ਵਿਦੇਸ਼ਾਂ ਦੇ ਲੋਕਾਂ ਨੇ ਵੀ ਮੋਬਾਈਲ ਐਪ ਰਾਹੀਂ ਪਾਸ ਬੁੱਕ ਕਰਵਾਏ ਸਨ।
ਰਾਸ਼ਟਰਪਤੀ ਕਰਨਗੇ ਪ੍ਰਧਾਨਗੀ
ਰਿਹਰਸਲ ਅਤੇ ਫਾਈਨਲ ਦੋਵੇਂ ਸਮਾਗਮ ਦੁਪਹਿਰ 2.30 ਵਜੇ ਤੋਂ ਸ਼ਾਮ 5.30 ਵਜੇ ਤੱਕ ਤੈਅ ਕੀਤੇ ਗਏ ਹਨ। ਲੋਕਾਂ ਦੇ ਪਹੁੰਚਣ ਦਾ ਸਮਾਂ 2 ਵਜੇ ਤੱਕ ਦਾ ਹੈ। ਇਨ੍ਹਾਂ ਸਮਾਗਮਾਂ ਦੀ ਪ੍ਰਧਾਨਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ। ਸੁਖਨਾ ਝੀਲ 6 ਅਕਤੂਬਰ ਅਤੇ 8 ਅਕਤੂਬਰ ਨੂੰ ਸ਼ਾਮ 6 ਵਜੇ ਤੱਕ ਸੈਲਾਨੀਆਂ ਲਈ ਬੰਦ ਕਰ ਦਿੱਤੀ ਜਾਵੇਗੀ। ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਵਿਖੇ ਏਅਰ ਸ਼ੋਅ ਦੇ ਮੱਦੇਨਜ਼ਰ ਬਰਡ ਪਾਰਕ ਨੂੰ ਵੀ ਦਰਸ਼ਕਾਂ ਲਈ ਦੋਵੇਂ ਦਿਨ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਹਵਾਈ ਫ਼ੌਜ ਨੇ ਇਸ ਵਾਰ ਚੰਡੀਗੜ੍ਹ ‘ਚ ਫਲਾਈਪਾਸਟ ਮਨਾਉਣ ਦਾ ਕੀਤਾ ਫ਼ੈਸਲਾ
ਭਾਰਤੀ ਹਵਾਈ ਫ਼ੌਜ ਨੇ ਇਸ ਸਾਲ ਦੀ ਸਾਲਾਨਾ ਹਵਾਈ ਸੈਨਾ ਦਿਵਸ ਪਰੇਡ ਅਤੇ ਫਲਾਈਪਾਸਟ ਚੰਡੀਗੜ੍ਹ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਏਅਰ ਸ਼ੋਅ ਵਿੱਚ ਲਗਭਗ 80 ਜਹਾਜ਼ ਹਿੱਸਾ ਲੈਣਗੇ ਅਤੇ ਲਗਭਗ ਸਾਰੇ ਅੱਜ ਸੁਖਨਾ ਝੀਲ ‘ਤੇ ਰਿਹਰਸਲ ਕਰਨਗੇ। ਜਹਾਜ਼ਾਂ ਵਿੱਚ ਰਾਫੇਲ, ਪ੍ਰਚੰਡ, ਸੁਖੋਈ ਐਸਯੂ-30, ਜੈਗੁਆਰ, ਚਿਨੂਕ, ਅਪਾਚੇ ਅਤੇ ਐਮਆਈ-17 ਸ਼ਾਮਲ ਹੋਣਗੇ। ਆਕਾਸ਼ਗੰਗਾ ਪੈਰਾਟਰੂਪਰ ਟੀਮ ਦੁਆਰਾ ਅੱਧੇ ਘੰਟੇ ਦੇ ਪ੍ਰੋਗਰਾਮ ਤੋਂ ਬਾਅਦ ਸ਼ੁਰੂ ਹੋਣ ਵਾਲੇ ਸ਼ੋਅ ਵਿੱਚ ਸਾਰੰਗ ਏਅਰ ਡਿਸਪਲੇਅ ਅਤੇ ਸੂਰਿਆ ਕਿਰਨ ਐਰੋਬੈਟਿਕਸ ਟੀਮਾਂ ਵੀ ਪ੍ਰਦਰਸ਼ਨ ਕਰਨਗੀਆਂ।