ਪੰਜਾਬ ਹੋਮਗਾਰਡਸ ਫਰੀਦਕੋਟ ਦੇ ਡਿਪਟੀ ਕਮਾਂਡੇਂਟ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਅਫਵਾਹਾਂ ਤੋਂ ਸਾਵਧਾਨ ਰਹਿਣ ਅਤੇ ਸਿਰਫ ਸਰਕਾਰੀ ਸੂਚਨਾਵਾਂ ‘ਤੇ ਭਰੋਸਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੰਕਟਕਾਲੀ ਸਥਿਤੀਆਂ ਨਾਲ ਨਜਿੱਠਣ ਲਈ ਮੁੱਢਲੇ ਸਿਵਲ ਡਿਫੈਂਸ ਨਿਯਮਾਂ ਦੀ ਜਾਣਕਾਰੀ ਸਾਂਝੀ ਕੀਤੀ, ਤਾਂ ਜੋ ਲੋਕ ਸੁਰੱਖਿਅਤ ਰਹਿ ਸਕਣ ਅਤੇ ਘਬਰਾਹਟ ਤੋਂ ਬਚ ਸਕਣ।
ਉਨ੍ਹਾਂ ਅਨੁਸਾਰ, ਜਦੋਂ ਖਤਰੇ ਦਾ ਸਾਇਰਨ ਵੱਜੇ, ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।
ਲੋਕਾਂ ਨੂੰ ਘਰ ਅੰਦਰ ਜਾਣਾ ਚਾਹੀਦਾ, ਖਿੜਕੀਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਸ਼ੀਸ਼ਿਆਂ ‘ਤੇ ਕਾਲਾ ਕੱਪੜਾ ਲਗਾਉਣਾ ਚਾਹੀਦਾ, ਜਿਸ ਨਾਲ ਰੌਸ਼ਨੀ ਬਾਹਰ ਨਾ ਜਾਵੇ। ਬਲੈਕਆਊਟ ਅਲਰਟ ਦੌਰਾਨ ਸਾਰੀਆਂ ਬੱਤੀਆਂ ਬੁਝਾਉਣੀਆਂ ਜ਼ਰੂਰੀ ਹਨ।
ਜੇਕਰ ਕੋਈ ਖੁੱਲ੍ਹੇ ਮੈਦਾਨ ਵਿੱਚ ਹੋਵੇ, ਤਾਂ ਧਰਤੀ ‘ਤੇ ਲੇਟ ਜਾਣਾ ਚਾਹੀਦਾ, ਕੂਹਣੀਆਂ ਟਿਕਾ ਕੇ ਛਾਤੀ ਉੱਪਰ ਚੁੱਕਣੀ ਚਾਹੀਦੀ, ਕੰਨਾਂ ਵਿੱਚ ਉਂਗਲੀਆਂ ਅਤੇ ਦੰਦਾਂ ਵਿੱਚ ਰੁਮਾਲ ਜਾਂ ਪੈਨਸਿਲ ਰੱਖਣੀ ਚਾਹੀਦੀ, ਅਤੇ ਮੂੰਹ ਹੇਠਾਂ ਵੱਲ ਕਰਨਾ ਚਾਹੀਦਾ। ਇਮਾਰਤ ਅੰਦਰ ਹੋਣ ‘ਤੇ ਬਿਜਲੀ ਦੀ ਮੁੱਖ ਸਪਲਾਈ ਬੰਦ ਕਰੋ। ਜੇਕਰ ਸੁਰੱਖਿਅਤ ਥਾਂ ਨਾ ਮਿਲੇ, ਤਾਂ ਦੀਵਾਰ ਦੇ ਅੰਦਰਲੇ ਪਾਸੇ ਖੜ੍ਹੇ ਹੋ ਜਾਓ, ਜਾਂ ਕੱਪਬੋਰਡ, ਮਜ਼ਬੂਤ ਬੈੱਡ, ਟੇਬਲ ਜਾਂ ਪੌੜੀਆਂ ਹੇਠ ਲੁਕ ਜਾਓ।
ਐਮਰਜੈਂਸੀ ਸਥਿਤੀ ਵਿੱਚ 112 ਨੰਬਰ ਯਾਦ ਰੱਖੋ। ਵਾਹਨ ਚਲਾਉਂਦੇ ਸਮੇਂ ਖਤਰੇ ਦੀ ਸਥਿਤੀ ਵਿੱਚ, ਵਾਹਨ ਨੂੰ ਸੜਕ ਦੇ ਖੱਬੇ ਪਾਸੇ ਸੁਰੱਖਿਅਤ ਰੋਕੋ ਅਤੇ ਖੁੱਲ੍ਹੇ ਮੈਦਾਨ ਵਾਲੀਆਂ ਸਾਵਧਾਨੀਆਂ ਅਪਣਾਓ।
ਇਹ ਸਲਾਹ ਸਿਰਫ ਜਾਗਰੂਕਤਾ ਲਈ ਹੈ, ਤਾਂ ਜੋ ਲੋਕ ਸਿਵਲ ਡਿਫੈਂਸ ਪ੍ਰਤੀ ਸੁਚੇਤ ਰਹਿਣ ਅਤੇ ਸੰਕਟ ਸਮੇਂ ਸਹੀ ਕਦਮ ਚੁੱਕ ਸਕਣ। ਸੁਖਵਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਘਬਰਾਹਟ ਵਿੱਚ ਨਾ ਆਉਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ।