ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਵਾਰੀਆਂ ਵਿਚਾਲੇ ਚੱਲ ਰਿਹਾ ਵਿਵਾਦ ਅਜੇ ਰੁਕਿਆ ਨਹੀਂ ਹੈ ਪਰ ਇਸ ਵਿਵਾਦ ਨੇ ਬੇਰੋਜ਼ਗਾਰਾਂ ਲਈ ਨੌਕਰੀਆਂ ਦਾ ਰਾਹ ਜ਼ਰੂਰ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਕੇ ਕਿਹਾ ਕਿ ਉਹ ਸਾਰਿਆਂ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਨ ਕਿ ਉਹ 8 ਸਤੰਬਰ ਨੂੰ ਟੈਸਟ ਪਾਸ ਕਰਨ ਵਾਲੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਨ।
ਮੁੱਖ ਮੰਤਰੀ ਮਾਨ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਇੱਕ ਖੁਸ਼ਖ਼ਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਮਾਨ ਨੇ ਕਿਹਾ ਕਿ 8 ਸਤੰਬਰ ਨੂੰ ਅਸੀਂ ਇੱਕ ਵੱਡਾ ਨਿਯੁਕਤੀ ਪੱਤਰ ਵੰਡ ਸਮਾਗਮ ਰੱਖਿਆ ਹੈ ਜਿਸ ਵਿੱਚ 710 ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ। ਪਟਵਾਰੀਆਂ ਦੀਆਂ ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਵੀ ਜਲਦ ਜਾਰੀ ਹੋਣਗੇ। ਮਾਨ ਨੇ ਇਹ ਵੀ ਕਿਹਾ ਕਿ ਉਮੀਦ ਹੈ ਕਿ ਨਵੇਂ ਹੱਥਾਂ ਚ ਨਵੀਆਂ ਕਲਮਾਂ ਇੱਕ ਨਵੇਂ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਿਰਜਣਾ ਕਰਨਗੀਆਂ ਅਤੇ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ।
ਇੱਕ ਖੁਸ਼ਖ਼ਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ…
8 ਸਤੰਬਰ ਨੂੰ ਅਸੀਂ ਇੱਕ ਵੱਡਾ ਨਿਯੁਕਤੀ ਪੱਤਰ ਵੰਡ ਸਮਾਗਮ ਰੱਖਿਆ ਹੈ ਜਿਸ ਵਿੱਚ 710 ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ…ਪਟਵਾਰੀਆਂ ਦੀਆਂ ਨਵੀਆਂ ਅਸਾਮੀਆਂ ਦੇ ਇਸ਼ਤਿਹਾਰ ਵੀ ਜਲਦ ਜਾਰੀ ਹੋਣਗੇ…ਉਮੀਦ ਹੈ ਕਿ ਨਵੇਂ ਹੱਥਾਂ ਚ ਨਵੀਆਂ ਕਲਮਾਂ ਇੱਕ ਨਵੇਂ…— Bhagwant Mann (@BhagwantMann) September 6, 2023
ਜਦੋਂ ਸਰਕਾਰ ਨੇ ਹੜਤਾਲ ਖਤਮ ਕਰਨ ਲਈ ਸੂਬੇ ਵਿੱਚ ਐਸਮਾ ਐਕਟ ਲਾਗੂ ਕੀਤਾ ਤਾਂ ਪਟਵਾਰੀਆਂ ਨੇ ਆਪਣੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਨ ਦਾ ਐਲਾਨ ਕਰ ਦਿੱਤਾ। ਸਰਕਾਰ ’ਤੇ ਦਬਾਅ ਬਣਾਉਣ ਲਈ ਪਟਵਾਰੀਆਂ ਨੇ ਆਪਣੇ ਕੋਲ ਵਾਧੂ ਸਰਕਲਾਂ ਦਾ ਕੰਮ ਛੱਡ ਦਿੱਤਾ।
ਸਰਕਾਰ ਨੇ ਪਟਵਾਰੀਆਂ ਦੇ ਦਬਾਅ ਅੱਗੇ ਝੁਕਣ ਅਤੇ ਗੱਲਬਾਤ ਕਰਕੇ ਕੋਈ ਵਿਚਕਾਰਲਾ ਰਸਤਾ ਕੱਢਣ ਦੀ ਬਜਾਏ 741 ਪਟਵਾਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਜੋ ਸਿਖਲਾਈ ‘ਤੇ ਸਨ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਲਾਈਵ ਹੋ ਕੇ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ 741 ਅੰਡਰ ਟਰੇਨਿੰਗ ਪਟਵਾਰੀਆਂ ਨੂੰ 15 ਮਹੀਨੇ ਪੂਰੇ ਹੋ ਚੁੱਕੇ ਹਨ। 18 ਮਹੀਨੇ ਦੀ ਸਿਖਲਾਈ ਹੈ। ਮਹਿਜ਼ 3 ਮਹੀਨੇ ਪਹਿਲਾਂ ਹੀ ਇਨ੍ਹਾਂ ਨੂੰ ਖਾਲੀ ਥਾਵਾਂ (ਪਟਵਾਰ ਸਰਕਲ) ਵਿੱਚ ਲਗਾਇਆ ਜਾ ਰਿਹਾ ਹੈ।