‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਦੇ ਦੌਰ ਵਿੱਚ ਕੰਮ-ਕਾਜ ਵਧਣ ਕਾਰਨ ਅਤੇ ਪੈਸਾ ਕਮਾਉਣ ਦੀ ਦੌੜ ਵਿੱਚ ਆਪਣੇ ਬੱਚਿਆਂ ਨੂੰ ਸਮਾਂ ਨਾ ਦੇਣ ਕਾਰਨ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੀ ਦੇਖ-ਭਾਲ ਲਈ ਬੱਚਿਆਂ ਦੇ ਪਾਲਣ-ਪੋਸਣ ਕਰਨ ਵਾਲੀਆਂ ਮਹਿਲਾਵਾਂ ਨੂੰ ਰੱਖ ਲੈਂਦੀਆਂ ਹਨ ਅਤੇ ਕੁੱਝ ਮਾਂਵਾਂ ਬੱਚਿਆਂ ਨੂੰ ਗੁਰੂ ਦੇ ਲੜ ਲਾਉਣ ਦੀ ਜਗ੍ਹਾ ਉਨ੍ਹਾਂ ਨੂੰ ਮੋਬਾਈਲ ਫੋਨਾਂ ‘ਤੇ ਲਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਘਰ ਦੇ ਦੂਜੇ ਕੰਮ ਕਰਨ ਲਈ ਸਮਾਂ ਮਿਲ ਸਕੇ। ਇਸ ਨਾਲ ਉਨ੍ਹਾਂ ਦੇ ਬੱਚੇ ਕਈ ਵਾਰ ਫੋਨ ‘ਤੇ ਗਲਤ ਸਿੱਖਿਆਵਾਂ ਵਾਲੀਆਂ ਚੀਜ਼ਾਂ ਵੇਖ ਕੇ ਕੁਰਾਹੇ ਪੈ ਜਾਂਦੇ ਹਨ।
ਜੇਕਰ ਮਾਂ ਆਪਣੇ ਬੱਚੇ ਨੂੰ ਪਰਮਾਤਮਾ ਦੇ ਲੜ ਨਹੀਂ ਲਾਉਂਦੀ, ਪਰਮਾਤਮਾ ਦੇ ਨਾਮ ਨੂੰ ਉਸਦੇ ਹਿਰਦੇ ਵਿੱਚ ਨਹੀਂ ਵਸਾਉਂਦੀ ਤਾਂ ਗੁਰਬਾਣੀ ਅਨੁਸਾਰ ਉਸ ਮਾਂ ਨੂੰ ਪਰਮਾਤਮਾ ਬਾਂਝ ਹੀ ਕਰ ਦੇਵੇ, ਤਾਂ ਚੰਗਾ ਹੈ। ਗੁਰਬਾਣੀ ‘ਚ ਫੁਰਮਾਣ ਹੈ :
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ।।
ਇਸ ਦੁਨੀਆ ਵਿੱਚ ਜਿੱਥੇ ਧਨ ਕਮਾਉਣਾ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ, ਉੱਥੇ ਹੀ ਸਾਨੂੰ ਆਤਮਕ ਜੀਵਨ ਨੂੰ ਸ਼ਾਂਤੀ ਦੇਣ ਵਾਲੇ ਪਰਮਾਤਮਾ ਦੇ ਨਾਮ ਨੂੰ ਵੀ ਜਪਣਾ ਚਾਹੀਦਾ ਹੈ। ਦੁਨੀਆ ਵਿੱਚ ਪਰਮਾਤਮਾ ਦੀ ਸਿਫ਼ਤ ਸਲਾਹ ਹੀ ਸਭ ਤੋਂ ਉੱਚਾ ਦਰਜਾ ਹੈ। ਇਸ ਲਈ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇਣ ਦੇ ਨਾਲ-ਨਾਲ ਨੈਤਿਕ ਅਤੇ ਅਧਿਆਤਮਕ ਸਿੱਖਿਆ ਵੀ ਦੇਣ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦੇ ਬੱਚੇ ਸਹੀ ਰਸਤੇ ‘ਤੇ ਚੱਲ ਸਕਣ।