India Punjab

‘ਤਾਊਤੇ’ ਦਾ ਪੰਜਾਬ ‘ਚ ਅਸਰ, ਦਿੱਲੀ ‘ਚ ਪੀਲੀ ਚਿਤਾਵਨੀ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਹਰਿਆਣਾ ਦੇ ਨਾਲ ਲੱਗਦੇ ਖੇਤਰ ਵਿੱਚ ਚੱਕਰਵਾਤੀ ਤੂਫ਼ਾਨ ਤਾਊਤੇ ਕਾਰਨ ਮੌਸਮ ਵਿਗੜਨਾ ਸ਼ੁਰੂ ਹੋ ਗਿਆ ਹੈ ਅਤੇ ਵਿਭਾਗ ਨੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਅਗਲੇ ਤਿੰਨ ਦਿਨਾਂ ਲਈ ਨਰਮੇ ਦੀ ਪਛੇਤੀ ਬਿਜਾਈ ਨਾ ਕਰਨ ਦੀ ਸਲਾਹ ਦਿੱਤੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਰੀਆਂ ਸਬਜ਼ੀਆਂ ਸਮੇਤ ਹਰੇ ਚਾਰੇ ਨੂੰ ਅਗਲੇ 3 ਦਿਨ ਪਾਣੀ ਨਾ ਲਾਇਆ ਜਾਵੇ। ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਹਾਲਾਂਕਿ, ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲੀ ਹੈ। ਮਾਨਸਾ ਜ਼ਿਲ੍ਹੇ ਵਿੱਚ ਵੀ ਕੱਲ੍ਹ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲੀਆਂ। ਪਟਿਆਲਾ ਵਿੱਚ ਵੀ ਮੀਂਹ ਪਿਆ। ਪਟਿਆਲਾ ਦੇ ਰਾਜਪੁਰਾ ਦੀ ਆਨਾਜ ਮੰਡੀ ਵਿੱਚ ਲੱਖਾ ਕਣਕ ਦੀਆਂ ਬੋਰੀਆਂ ਮੀਂਹ ਕਾਰਨ ਭਿੱਜ ਗਈਆਂ ਅਤੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ।

ਖੇਤੀਬਾੜੀ ਮਹਿਕਮੇ ਦੇ ਮਾਲਵਾ ਖੇਤਰ ਵਿੱਚ ਤਾਇਨਾਤ ਵਿਕਾਸ ਅਧਿਕਾਰੀਆਂ ਨੂੰ ਰਾਜਸਥਾਨ ਦੇ ਅਧਿਕਾਰੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਇੱਥੇ ਤਾਊਤੇ ਨੇ ਗੰਭੀਰ ਰੂਪ ਧਾਰ ਲਿਆ ਲਿਆ ਹੈ, ਜਿਸ ਕਾਰਨ ਤੇਜ਼ ਹਵਾ ਚੱਲ ਰਹੀ ਹੈ ਅਤੇ ਇਸ ਦੇ ਜਲਦੀ ਹਰਿਆਣਾ ਤੇ ਪੰਜਾਬ ਤੱਕ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਆਪਣੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ’ਤੇ ਬਾਹਰ ਨਾ ਨਿਕਲੇ ਅਤੇ ਟੀਨ ਸ਼ੈੱਡ ਸਮੇਤ ਦਰੱਖਤਾਂ ਦੇ ਹੇਠ ਨਾ ਖੜ੍ਹਨ। ਉਨ੍ਹਾਂ ਕਿਹਾ ਕਿ ਤੂਫ਼ਾਨ ਕਾਰਨ ਦਰੱਖ਼ਤ, ਬਿਜਲੀ ਦੇ ਖੰਭੇ, ਤਾਰਾਂ ਡਿੱਗ ਸਕਦੀਆਂ ਹਨ, ਜਿਸ ਕਰਕੇ ਘਰਾਂ ਵਿੱਚੋਂ ਬਾਹਰ ਨਾ ਨਿਕਲਿਆ ਜਾਵੇ।

ਦਿੱਲੀ ਵਿੱਚ ਵੀ ਵਿਗੜਿਆ ਮੌਸਮ

ਚੱਕਰਵਾਤੀ ਤੂਫ਼ਾਨ ਤਾਊਤੇ ਅਤੇ ਪੱਛਮੀ ਗੜਬੜੀ ਕਾਰਨ ਦਿੱਲੀ ਅਤੇ ਐੱਨਸੀਆਰ ਵਿੱਚ ਬੀਤੀ ਦੇਰ ਰਾਤ ਤੱਕ ਲਗਾਤਾਰ ਮੀਂਹ ਪਿਆ ਅਤੇ ਹਨੇਰੀ ਝੁੱਲੀ। ਲਗਾਤਾਰ ਮੀਂਹ ਕਾਰਨ ਦਿੱਲੀ ਦੀਆਂ ਕਈ ਸੜਕਾਂ ਵਿੱਚ ਪਾਣੀ ਖਲੋ ਗਿਆ। ਦਿੱਲੀ ‘ਚ ਮੈਟਰੋ ਉਸਾਰੀ ਵਾਲੀ ਥਾਂ ਉੱਪਰ ਨਜ਼ਫ਼ਗੜ੍ਹ ਇਲਾਕੇ ’ਚ ਇੱਕ ਟਰੱਕ ਮੀਂਹ ਕਾਰਨ ਪੋਲੀ ਹੋਈ ਜ਼ਮੀਨ ਵਿੱਚ ਧੱਸ ਗਿਆ, ਜਿਸ ਨੂੰ ਬਾਅਦ ਵਿੱਚ ਕਰੇਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਬਦਰਪੁਰ ਦੇ ਤੁਗਲਕਾਬਾਦ ਨੂੰ ਜਾਂਦੀ ਸੜਕ ’ਤੇ ਰੇਲਵੇ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਦੋਵਾਂ ਪਾਸਿਉਂ ਆਵਾਜਾਈ ਰੁਕ ਗਈ ਅਤੇ ਲੋਕਾਂ ਨੂੰ ਓਖਲਾ ਤੇ ਨੋਇਡਾ ਦੇ ਇਲਾਕਿਆਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਦਿੱਲੀ ਵਿੱਚ ਹੋਰ ਵੀ ਕਈ ਥਾਂਵਾਂ ’ਤੇ ਮੀਂਹ ਕਾਰਨ ਪਾਣੀ ਭਰ ਗਿਆ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਕਈ ਦਰੱਖ਼ਤ ਵੀ ਡਿੱਗੇ ਹਨ। ਦਿੱਲੀ-ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਸੋਨੀਪਤ ਤੇ ਪਲਵਲ ਸਮੇਤ ਬੱਲਭਗੜ੍ਹ ਦੇ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ।

ਦਿੱਲੀ ਦੇ ਤਾਪਮਾਨ ‘ਚ ਭਾਰੀ ਗਿਰਾਵਟ

ਮੌਮਸ ਵਿਭਾਗ ਨੇ ਦੱਸਿਆ ਕਿ ਦਿੱਲੀ ਵਿੱਚ ਪਏ ਇਸ ਮੀਂਹ ਨਾਲ 1976 ਦਾ ਰਿਕਾਰਡ ਟੁੱਟ ਗਿਆ ਹੈ। ਮੌਸਮ ਵਿਭਾਗ ਦੇ ਅਧਕਾਰੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ 24 ਮਈ 1976 ਨੂੰ ਦਿੱਲੀ ਵਿੱਚ 60 ਐੱਮਐੱਮ ਮੀਂਹ ਦਰਜ ਕੀਤਾ ਗਿਆ ਸੀ ਤੇ ਇਸ ਵਾਰ ਮਈ ਮਹੀਨੇ ਲੰਘੇ 24 ਘੰਟਿਆਂ ਅੰਦਰ ਹੀ 119.3 ਐੱਮਐੱਮ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਦਿੱਲੀ ਦਾ ਤਾਪਮਾਨ ਵੀ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ ਦਰਜ ਕੀਤਾ ਗਿਆ, ਜੋ ਸ੍ਰੀਨਗਰ ਤੇ ਧਰਮਸ਼ਾਲਾ ਦੇ ਤਾਪਮਾਨ ਤੋਂ ਵੀ ਹੇਠਾਂ ਰਿਹਾ।

ਦਿੱਲੀ ਦੇ ਟਰਾਂਸਪੋਰਟ ਮੰਤਰੀ ਨੇ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਖਹਿਰਾ ਮੋੜ ਕਰਾਸਿੰਗ ਵਿੱਚ ਧਨਸਾ ਮੈਟਰੋ ਸਟੇਸ਼ਨ ’ਤੇ ‘ਡੀਐੱਮਆਰਸੀ ਸਾਈਟ’ ਦਾ ਦੌਰਾ ਕੀਤਾ, ਜਿਥੇ ਲੰਘੀ ਰਾਤ ਭਾਰੀ ਮੀਂਹ ਦੌਰਾਨ ਸੜਕ ਦਾ ਇੱਕ ਵੱਡਾ ਹਿੱਸਾ ਟੁੱਟ ਗਿਆ ਤੇ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਜਗ੍ਹਾ ਨੇੜੇ ਖੜਾ ਇਕ ਟਰੱਕ ਵੀ ਧੱਸ ਗਿਆ ਪਰ ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰਾਂਸਪੋਰਟ ਮੰਤਰੀ ਦੇ ਨਾਲ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਦੇ ਐੱਮਡੀ, ਵਿਸ਼ੇਸ਼ ਟਰਾਂਸਪੋਰਟ ਕਮਿਸ਼ਨਰ, ਟਰਾਂਸਪੋਰਟ ਵਿਭਾਗ, ਡੀਜੇਬੀ, ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਖੇਤਰ ਦੇ ਐੱਸ.ਡੀ.ਐੱਮ. ਵੀ ਪਹੁੰਚੇ। ਟਰਾਂਸਪੋਰਟ ਮੰਤਰੀ ਨੇ ਸਾਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੰਦਿਆਂ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਆਲੇ ਦੁਆਲੇ ਦੀਆਂ ਜਾਇਦਾਦਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਡੀਐੱਮਆਰਸੀ ਦੁਆਰਾ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਡੀਐੱਮਆਰਸੀ ਨੇ ‘ਡੀਜੇਬੀ’ ਤੇ ਪੀ.ਡਬਲਯੂ.ਡੀ. ਨੂੰ ਖਰਾਬ ਪਾਈਪਾਂ ਅਤੇ ਨਾਲਿਆਂ ਨੂੰ 23 ਮਈ ਤੱਕ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।

ਦਿੱਲੀ ਲਈ ਪੀਲੀ ਚਿਤਾਵਨੀ ਜਾਰੀ

ਭਾਰਤੀ ਮੌਸਮ ਵਿਭਾਗ ਨੇ 19 ਮਈ ਨੂੰ ਦਿੱਲੀ ਲਈ ‘ਪੀਲੀ ਚਿਤਾਵਨੀ’ ਜਾਰੀ ਕੀਤੀ ਹੈ, ਜਿਸ ਵਿੱਚ ਦਿੱਲੀ ’ਚ ਬਹੁਤ ਜ਼ਿਆਦਾ ਮੀਂਹ ਪੈਣ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਣ ਬਾਰੇ ਚਰਚਾ ਕੀਤੀ ਗਈ ਹੈ। ਜਾਰੀ ਐਡਵਾਈਜ਼ਰੀ ਮੁਤਾਬਕ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਅਤੇ ਛੋਟੇ ਰੁੱਖ ਉਖੜਨ ਕਾਰਨ ਆਵਾਜਾਈ ’ਚ ਵਿਘਨ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ਅਤੇ ਪੱਛਮੀ ਗੜਬੜੀ ਦੇ ਮੇਲ ਕਾਰਨ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਚੌਟਾਲਾ ਨੇ ਲੋਕਾਂ ਨੂੰ ਕੀਤੀ ਘਰਾਂ ‘ਚ ਰਹਿਣ ਦੀ ਅਪੀਲ

ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਲੋਕਾਂ ਨੂੰ ਚੱਕਰਵਾਤੀ ਤੂਫ਼ਾਨ ਤਾਊਤੇ ਕਾਰਨ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਚੌਟਾਲਾ ਨੇ ਕਿਹਾ ਕਿ ਤਾਊਤੇ ਗੁਜਰਾਤ, ਰਾਜਸਥਾਨ ਤੋਂ ਹੁੰਦਾ ਹੋਇਆ ਹਰਿਆਣਾ ਵੱਲ ਵੱਧ ਰਿਹਾ ਹੈ। ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਿਆਂ ਵਿੱਚ ਚੌਕਸੀ ਰੱਖਣ ਦੇ ਆਦੇਸ਼ ਵੀ ਦਿੱਤੇ ਹਨ ਤਾਂ ਜੋ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।