‘ਦ ਖ਼ਾਲਸ ਬਿਊਰੋ : ਫ਼ਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਤੇ ਫਿਰ ਸਹੀ ਸਲਾਮਤ ਮੰਡੀਆਂ ਤੱਕ ਪਹੁੰਚਾਉਣ ਤੱਕ ਇਕ ਕਿਸਾਨ ਦੇ ਸਾਹ ਸੂਤ ਹੋਏ ਰਹਿੰਦੇ ਹਨ। ਕਦੇ ਬੀਜ ਮਾੜੇ ਨਿਕਲ ਜਾਣ ਤਾਂ ਕੰਮ ਖਰਾਬ ਤੇ ਕਦੇ ਜੇ ਮੌਸਮੀ ਹਾਲਾਤਾਂ ਕਾਰਣ ਝਾੜ ਨੂੰ ਫਰਕ ਪੈ ਜਾਵੇ ਤਾਂ ਵੀ ਉਸ ਲਈ ਔਖਾ ਹੈ।
ਇਸ ਵਾਰ ਪਈ ਪਹਿਲਾਂ ਹੀ ਪਈ ਗਰਮੀ ਕਾਰਣ ਕਣਕ ਦਾ ਝਾੜ ਘੱਟ ਹੋਣ ਨਾਲ ਜਿੱਥੇ ਫਸਲ ਦੀ ਪੈਦਾਵਾਰ ਘੱਟ ਹੋਈ ਹੈ, ਉੱਥੇ ਇਸਦਾ ਅਸਰ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਤੂੜੀ ਤੇ ਵੀ ਦਿਖਾਈ ਦੇਣ ਲੱਗ ਪਿਆ ਹੈ। ਇਸਦੇ ਨਾਲ ਹੀ ਪਹਿਲਾਂ ਤੂੜੀ ਦੀ ਟਰਾਲੀ 15 ਸੌ ਤੋਂ 2 ਹਜਾਰ ਰੁਪਏ ਵਿੱਚ ਮਿਲ ਜਾਂਦੀ ਸੀ, ਪਰ ਹੁਣ ਤੂੜੀ ਦੀ ਟਰਾਲੀ 5 ਹਜਾਰ ਰੁਪਏ ਵਿੱਚ ਮਿਲ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ ਹਨ।
ਇਥੇ ਸਿਰਫ਼ ਕਣਕ ਦੇ ਘੱਟ ਝਾੜ ਦੀ ਗੱਲ ਨਹੀਂ,ਸਗੋਂ ਮੱਕੀ ਦੀ ਬਿਜਾਈ ਦੀ ਵੀ ਹੈ । ਕਿਸਾਨਾਂ ਵੱਲੋਂ ਕਣਕ ਦੀ ਵਾਢੀ ਕਰਨ ਤੋਂ ਬਾਅਦ ਹੁਣ ਆਪਣੇ ਖੇਤਾਂ ਦੇ ਵਿੱਚ ਮੱਕੀ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ ।ਇਸ ਵਾਰ ਕਿਸਾਨਾਂ ਦਾ ਮੱਕੀ ਦੀ ਬਿਜਾਈ ਕਰਨ ਦੇ ਲਈ ਜ਼ਿਆਦਾ ਹੀ ਰੁਝਾਨ ਦਿਖਾਈ ਦੇ ਰਿਹਾ ਹੈ ਕਿਉਂਕਿ ਸਰਕਾਰ ਨੇ ਵੀ ਮੱਕੀ ਦੀ ਫਸਲ ਤੇ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਹੈ ।ਪਰ ਇਥੇ ਵੀ ਰਾਹ ਸੌਖਾ ਨਹੀਂ ਹੈ ਕਿਉਂਕਿ ਮੱਕੀ ਦੀ ਬਿਜਾਈ ਸ਼ੁਰੂ ਹੁੰਦਿਆਂ ਹੀ ਮੱਕੀ ਦੇ ਬੀਜਾਂ ਦੀ ਬਲੈਕ ਸ਼ੁਰੂ ਹੋ ਗਈ ਹੈ। ਜੋ ਗੱਟਾ 1200 ਰੁਪਏ ਦਾ ਆਉਂਦਾ ਹੈ ਉਹ ਬਾਜ਼ਾਰ ਦੇ ਵਿਚ 2200 ਰੁਪਏ ਤੱਕ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਇਕ ਗੱਟੇ ਦੇ ਮਗਰ ਛੇ ਸੌ ਰੁਪਏ ਦੀ ਬਲੈਕ ਹੋ ਰਹੀ ਹੈ
ਬੀਜਾਂ ਦੀ ਬਲੈਕ ਦੀ ਗੱਲ ਹੋਵੇ ਜਾਂ ਵੱਧ ਪਈ ਗਰਮੀ ਕਾਰਨ ਇਸ ਵਾਰ ਝਾੜ ਘਟਣ ਦੀ ,ਹਰ ਹਾਲਾਤ ਨੇ ਕਿਸਾਨਾਂ ਨੂੰ ਨਿਰਾਸ਼ਾ ਤੇ ਨਮੋਸ਼ੀ ਦੇ ਮਾਹੌਲ ਵਿੱਚ ਧੱਕ ਦਿਤਾ ਹੈ।ਮੌਸਮ ਦੀ ਮਾਰ ਤੇ ਕਰਜ਼ੇ ਦੇ ਭਾਰ ਨੇ ਪੰਜਾਬ ਦੀ ਕਿਸਾਨੀ ਨੂੰ ਇੱਕ ਤਰ੍ਹਾਂ ਨਾਲ ਪੀਸ ਕੇ ਰੱਖ ਦਿਤਾ ਹੈ । ਰਹਿੰਦੀ ਖੂੰਹਦੀ ਕਸਰ ਬਲੈਕ ਵਿੱਚ ਮਿਲਣ ਵਾਲੇ ਬੀਜਾਂ ਨੇ ਪੂਰੀ ਕਰ ਦਿੱਤੀ ਹੈ ।ਸਰਕਾਰ ਨੇ ਐਮਐਸਪੀ ਦਾ ਵਾਅਦਾ ਤਾਂ ਕਰ ਦਿੱਤਾ ਹੈ ਪਰ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਹ ਆਪਣੇ ਵਾਅਦਿਆਂ ਤੇ ਫ਼ੁੱਲ ਕਦੋਂ ਚੜਾਏਗੀ।