India International

ਕੈਨੇੇਡਾ ’ਚ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ! ਹਜ਼ਾਰਾਂ ਵਿਦਿਆਰਥੀ ਕੀਤੇ ਜਾ ਸਕਦੇ ਡੀਪੋਰਟ!

ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਸੂਬੇ ’ਚ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਮੁਕੰਮਲ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਨ। ਪਹਿਲਾਂ 24 ਮਈ ਨੂੰ ਇਨ੍ਹਾਂ ਨੇ ਅੰਸ਼ਕ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਪਰ 28 ਮਈ ਤੋਂ ਇਹ 24 ਘੰਟਿਆਂ ਦੀ ਭੁੱਖ ਹੜਤਾਲ ’ਤੇ ਆ ਗਏ ਸਨ। ਇਨ੍ਹਾਂ ਵਿੱਚੋਂ ਕੁਝ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।

ਦਰਅਸਲ ਇਹ ਵਿਦੇਸ਼ੀ ਕਰਮਚਾਰੀ ਪੀਈਆਈ (PEI) ਸੂਬਾਈ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀਆਂ ਦਾ ਵਿਰੋਧ ਕਰਨ ਲਈ ਭੁੱਖ ਹੜਤਾਲ ਕਰ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਕੈਨੇਡਾ ਤੋਂ ਡੀਪੋਰਟ ਕਰ ਕੇ ਭਾਰਤ ਵਾਪਸ ਭੇਜੇ ਜਾਣ ਦਾ ਡਰ ਸਤਾ ਰਿਹਾ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਵਿਦਿਆਰਥੀ ਸ਼ਾਮਲ ਹਨ।

ਦੱਸ ਦੇਈਏ ਪ੍ਰਿੰਸ ਐਡਵਰਡ ਆਈਲੈਂਡ ਦੀ ਸਰਕਾਰ ਨੇ 2024 ਵਾਸਤੇ ਪਰਮਾਨੈਂਟ ਰੈਜ਼ੀਡੈਂਸੀ (PR) ਲਈ ਵਰਕਰਾਂ ਦੀ ਗਿਣਤੀ 2100 ਤੋਂ ਘਟਾ ਕੇ 1600 ਕਰ ਦਿੱਤੀ ਹੈ। ਜਿਸ ਕਰਕੇ ਕਾਮਿਆਂ ਦੀ ਗਿਣਤੀ ਵਿੱਚ 25 ਫ਼ੀਸਦੀ ਕਮੀ ਆ ਜਾਵੇਗੀ। ਪ੍ਰਿੰਸ ਐਡਵਰਡ ਆਈਲੈਂਡ ਸੂਬੇ ਦੇ ਇਮੀਗ੍ਰੇਸ਼ਨ ਨਿਯਮ ਬਦਲ ਜਾਣ ਕਾਰਣ ਇੱਥੋਂ 50 ਵਿਦਿਆਰਥੀਆਂ ਨੂੰ ਕੈਨੇਡਾ ਤੋਂ ਭਾਰਤ ਭੇਜ ਦਿੱਤਾ ਗਿਆ ਹੈ।

ਇਕ ਪ੍ਰਦਰਸ਼ਨਕਾਰੀ ਵਿਦਿਆਰਥੀ ਜਸਪ੍ਰੀਤ ਸਿੰਘ ਸਿਵੀਆ (Jaspreet Singh Sivia) ਮੁਤਾਬਕ ਸਰਕਾਰ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੀ ਹੈ, ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਦੀ PR ਹਾਸਲ ਕਰਨ ਦੀ ਪ੍ਰਕਿਰਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਨਾ ਸੁਣੀ, ਤਾਂ ਭੁੱਖ ਹੜਤਾਲ ਰੋਜ਼ਾਨਾ ਕਰ ਦਿੱਤੀ ਜਾਵੇਗੀ।

ਕੈਨੇਡਾ ਦੇ ਸਰਕਾਰੀ ਮੀਡੀਆ ਚੈਨਲ CBC ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਹੁਣ ਪਾਣੀ ਵੀ ਨਹੀਂ ਪੀ ਰਹੇ ਜਿਸ ਕਰਕੇ ਇਨ੍ਹਾਂ ਦੀਆਂ ਜਾਨਾਂ ਨੂੰ ਖ਼ਤਰਾ ਜਤਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ – ਗੁਰਦਾਸਪੁਰ ‘ਚ ਬੀਡੀਪੀਓ ਸਮੇਤ 6 ਮੁਅੱਤਲ, ਚੋਣ ਡਿਊਟੀ ‘ਚ ਲਾਪਰਵਾਹੀ ਵਰਤਣ ‘ਤੇ ਕਾਰਵਾਈ