ਕੈਨੇਡਾ ‘ਚ ਫ਼ਰਜ਼ੀ ਦਸਤਾਵੇਜ਼ਾਂ ‘ਤੇ ਸਟੱਡੀ ਵੀਜ਼ਾ ਭੇਜਣ ਵਾਲੇ ਫ਼ਰਜ਼ੀ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੈਨੇਡਾ ਦੇ ਇਕ ਅਖ਼ਬਾਰ ਨੇ ਖ਼ੁਲਾਸਾ ਕੀਤਾ ਹੈ ਕਿ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ। ਮਿਸ਼ਰਾ ਨੂੰ ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਨੇ ਫੜ ਲਿਆ ਹੈ।
ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਕੰਪਨੀ ਨੇ ਫੜ ਲਿਆ ਸੀ। ਇਸ ਤੋਂ ਬਾਅਦ ਫ਼ਰਜ਼ੀ ਏਜੰਟ ਜੋ ਕਿ ਖ਼ੁਦ ਜਾਅਲਸਾਜ਼ੀ ਕਰਕੇ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਬ੍ਰਿਜੇਸ਼ ਮਿਸ਼ਰਾ ਜਲੰਧਰ ਵਿੱਚ ਇੱਕ ਇਮੀਗ੍ਰੇਸ਼ਨ ਏਜੰਸੀ ਚਲਾਉਂਦਾ ਹੈ। ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਲਾਪਤਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਜਾਅਲੀ ਕਾਲਜ ਦਾਖਲਾ ਪੱਤਰ ਘੁਟਾਲੇ ਕਾਰਨ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਦੇ ਸੈਂਕੜੇ ਵਿਦਿਆਰਥੀ ਕਥਿਤ ਤੌਰ ‘ਤੇ ਦੇਸ਼ ਨਿਕਾਲੇ ਦੇ ਰਾਹ ਪਏ ਹੋਏ ਹਨ।
ਬ੍ਰਿਜੇਸ਼ ਮਿਸ਼ਰਾ ਖ਼ਿਲਾਫ਼ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਾਰਵਾਈ ਕਰਦਿਆਂ ਉਸ ‘ਤੇ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਸਲਾਹ ਦੇਣ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਜਾਂ ਰੋਕਣ ਲਈ ਦੂਜਿਆਂ ਨੂੰ ਸਲਾਹ ਦੇਣ ਦਾ ਦੋਸ਼ ਲਗਾਇਆ। ਮਿਸ਼ਰਾ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵੇਲੇ ਅਯੋਗ ਪਾਇਆ ਗਿਆ ਸੀ, ਜਿਸ ਕਾਰਨ ਉਸ ਦੀ ਗ੍ਰਿਫ਼ਤਾਰੀ ਹੋਈ। ਜਦੋਂ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਸੰਭਾਵੀ ਭਾਰਤੀ ਵਿਦਿਆਰਥੀਆਂ ਨੂੰ ਸਵੀਕ੍ਰਿਤੀ ਦੇ ਫ਼ਰਜ਼ੀ ਪੱਤਰ ਜਾਰੀ ਕਰਨ ਵਿੱਚ ਉਸ ਦੀ ਕਥਿਤ ਭੂਮਿਕਾ ਲਈ ਅਧਿਕਾਰਤ ਤੌਰ ‘ਤੇ ਉਸ ਦੇ ਵਿਰੁੱਧ ਦੋਸ਼ ਦਾਇਰ ਕੀਤੇ ਗਏ ਸਨ। ਬ੍ਰਿਜੇਸ਼ ਮਿਸ਼ਰਾ ਵੱਲੋਂ ਜਾਰੀ ਕੀਤੇ ਜਾਅਲੀ ਦਾਖਲਾ ਪੱਤਰਾਂ ਦੇ ਕਾਰਨ ਹੀ ਅਨੇਕਾਂ ਭਾਰਤੀ ਵਿਦਿਆਰਥੀ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ।
ਦੱਸ ਦੇਈਏ ਕਿ ਕੈਨੇਡੀਅਨ ਬਾਰਡਰ ਸਕਿਉਰਿਟੀ ਏਜੰਸੀ (CBSA) ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ ਦੇ ਵਿੱਦਿਅਕ ਅਦਾਰਿਆਂ ਵਿਚ ਦਾਖ਼ਲੇ ਸਬੰਧੀ ਆਫ਼ਰ ਲੈਟਰ ਫ਼ਰਜ਼ੀ ਪਾਏ ਗਏ ਸਨ।
ਦੱਸਿਆ ਜਾ ਰਿਹਾ ਸੀ ਕਿ ਜਲੰਧਰ ਦੇ ਐਜੂਕੇਸ਼ਨ ਮਾਈਗਰੇਸ਼ਨ ਸਰਵਿਸ ਸੈਂਟਰ ਰਾਹੀਂ 700 ਵਿਦਿਆਰਥੀਆਂ ਨੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕੀਤਾ ਸੀ। ਹੰਬਰ ਕਾਲਜ ਵਿੱਚ ਦਾਖ਼ਲੇ ਲਈ ਪ੍ਰਤੀ ਵਿਦਿਆਰਥੀ 16 ਤੋਂ 20 ਲੱਖ ਰੁਪਏ ਲਏ ਗਏ। ਨਾਲ ਹੀ ਹਵਾਈ ਟਿਕਟਾਂ ਅਤੇ ਸੁਰੱਖਿਆ ਖ਼ਰਚੇ ਵੱਖਰੇ ਸਨ।
ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ ਪੁੱਜੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਾਲਜ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਤੱਕ 6 ਮਹੀਨੇ ਉਡੀਕ ਕਰਨੀ ਪਵੇਗੀ। ਇਨ੍ਹਾਂ ਵਿਦਿਆਰਥੀਆਂ ਨੂੰ ਏਜੰਸੀ ਵੱਲੋਂ ਫ਼ੀਸ ਵਾਪਸ ਕਰ ਦਿੱਤੀ ਗਈ ਅਤੇ ਅਗਲੇ ਸਮੈਸਟਰ ਲਈ ਦਾਖਲਾ ਲਿਆ ਗਿਆ।
ਫ਼ੀਸ ਵਾਪਸ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਏਜੰਟ ਉੱਤੇ ਪੱਕਾ ਵਿਸ਼ਵਾਸ ਹੋ ਗਿਆ। ਹੁਣ ਜਦੋਂ ਵਿਦਿਆਰਥੀਆਂ ਨੇ ਆਪਣੀ ਪੜਾਈ ਪੂਰੀ ਕੀਤੀ ਅਤੇ ਕੰਮ ਦਾ ਤਜਰਬਾ ਹਾਸਲ ਕਰਨ ਤੋਂ ਬਾਅਦ ਪੀ.ਆਰ. ਲਈ ਅਪਲਾਈ ਕੀਤਾ। ਪੀਆਰ ਦੇ ਸਮੇਂ ਜਦੋਂ ਸੀਬੀਐਸਏ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਏਜੰਟ ਦੁਆਰਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਪੇਸ਼ਕਸ਼ ਪੱਤਰ ਜਾਅਲੀ ਸਨ।