‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਬ੍ਰਿਟੇਨ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਘੱਟੋ-ਘੱਟ 27 ਪ੍ਰਵਾਸੀਆਂ ਦੀ ਇੰਗਲਿਸ਼ ਚੈਨਲ ਵਿੱਚ ਬੇੜੀ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਫ੍ਰਾਂਸ ਦੇ ਕੈਲੇ ਨੇੜੇ ਵਾਪਰਿਆ ਹੈ।ਇੰਟਰਨੈਸ਼ਨਲ ਆਰਗੇਨਾਇਜੇਸ਼ਨ ਫਾਰ ਮਾਇਗ੍ਰੇਸ਼ਨ ਨੇ ਕਿਹਾ ਹੈ ਕਿ ਸਾਲ 2014 ਵਿੱਚ ਡਾਟਾ ਇਕੱਠਾ ਕਰਨ ਦੀ ਸ਼ੁਰੂਆਤ ਦੇ ਬਾਅਦ ਇਹ ਇਸ ਖੇਤਰ ਦੀ ਸਭ ਤੋਂ ਵੱਡੀ ਦੁਰਘਟਨਾ ਹੈ। ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਜੋ ਕੁੱਝ ਵੀ ਹੋਇਆ, ਉਹ ਉਸ ਤੋਂ ਹੈਰਾਨ ਹਨ। ਬ੍ਰਿਟੇਨ ਮਨੁੱਖੀ ਤਸਕਰੀ ਕਰਨਾ ਵਾਲਿਆਂ ਨੂੰ ਫੜ੍ਹਨ ਲਈ ਕੋਈ ਕਸਰ ਨਹੀਂ ਛੱਡੇਗਾ।
ਫ੍ਰਾਂਸ ਦੇ ਗ੍ਰਹਿ ਮੰਤਰੀ ਜੇਰਾਲਡ ਡੇਗਮਨਾ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਵਿਚ ਪੰਜ ਔਰਤਾਂ ਤੇ ਇਕ ਬੱਚਾ ਵੀ ਸ਼ਾਮਿਲ ਹੈ।ਇਸ ਹਾਦਸੇ ਵਿਚ ਦੋ ਲੋਕਾਂ ਨੂੰ ਬਚਾਇਆ ਵੀ ਗਿਆ ਹੈ। ਹਾਲਾਂਕਿ ਕੁੱਲ ਮੌਤਾਂ 31 ਦੱਸੀਆਂ ਜਾ ਰਹੀਆਂ ਸਨ, ਪਰ ਬਾਅਦ ਵਿਚ 27 ਪੁਸ਼ਟ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਚਾਰ ਲੋਕਾਂ ਨੂੰ ਬੈਲਜੀਅਮ ਦੇ ਬਾਰਡਰ ਨੇੜੇ ਫੜਿਆ ਗਿਆ ਹੈ। ਸਾਨੂੰ ਸ਼ੱਕ ਹੈ ਕਿ ਉਹ ਸਿੱਧੇ ਇਸ ਕ੍ਰਾਸਿੰਗ ਨਾਲ ਜੁੜੇ ਹੋਏ ਸਨ।