ਅੱਜ ਨੌਤਪਾ ਦਾ ਆਖ਼ਰੀ ਦਿਨ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਹੀਟਵੇਵ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਪ੍ਰੀ-ਮੌਨਸੂਨ ਮੀਂਹ ਕਾਰਨ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਘਟਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਸ਼ਨੀਵਾਰ (1 ਜੂਨ) ਨੂੰ ਸਿਰਫ 8 ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ 45 ਡਿਗਰੀ ਜਾਂ ਇਸ ਤੋਂ ਵੱਧ ਸੀ। ਪੰਜਾਬ ਵਿੱਚ ਵੀ ਬਹੁਤ ਥਾਈਂ ਕੱਲ੍ਹ ਧੂੜ ਭਰੀ ਹਨ੍ਹੇਰੀ ਚੱਲਣ ਦੀ ਖ਼ਬਰਾਂ ਆਈਆਂ ਹਨ।
ਰਾਜਸਥਾਨ, ਹਰਿਆਣਾ, ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਵਿੱਚ ਕੱਲ੍ਹ ਦੁਪਹਿਰ ਅਚਾਨਕ ਮੌਸਮ ਬਦਲ ਗਿਆ। ਸਵੇਰ ਦੀ ਕੜਾਕੇਦਾਰ ਧੁੱਪ ਤੋਂ ਬਾਅਦ ਅਚਾਨਕ ਬੱਦਲ ਦਿਖਾਈ ਦਿੱਤੇ ਤੇ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ।
ਅੱਜ ਐਤਵਾਰ (2 ਜੂਨ) ਨੂੰ ਦਿੱਲੀ ਸਮੇਤ ਦੇਸ਼ ਦੇ 27 ਰਾਜਾਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਜਾਂ ਧੂੜ ਭਰੀ ਹਨੇਰੀ ਵੀ ਚੱਲੇਗੀ। ਦੱਖਣੀ ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕੇਰਲ ਵਿੱਚ 30 ਮਈ ਤੋਂ ਮਾਨਸੂਨ ਸ਼ੁਰੂ ਹੋ ਗਿਆ ਹੈ।
ਮੌਸਮ ਵਿਭਾਗ ਨੇ ਦੇਸ਼ ਦੇ ਇਨ੍ਹਾਂ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਹੈ- ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਪੱਛਮੀ ਬੰਗਾਲ, ਬਿਹਾਰ, ਓਡੀਸ਼ਾ, ਕਰਨਾਟਕ, ਤੇਲੰਗਾਨਾ, ਉੱਤਰਾਖੰਡ, ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਝਾਰਖੰਡ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ।
ਆਈਐਮਡੀ (IMD) ਦੇ ਅਨੁਸਾਰ, ਸ਼ਨੀਵਾਰ (1 ਜੂਨ) ਨੂੰ ਸਿਰਫ ਤਿੰਨ ਸ਼ਹਿਰਾਂ ਵਿੱਚ 46 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਹੋਰ ਸ਼ਹਿਰਾਂ ਦੇ ਮੁਕਾਬਲੇ ਸਭ ਤੋਂ ਵੱਧ ਸੀ। ਇਨ੍ਹਾਂ ਵਿੱਚੋਂ ਯੂਪੀ ਦੇ ਝਾਂਸੀ ਵਿੱਚ ਸਭ ਤੋਂ ਵੱਧ 46.9 ਡਿਗਰੀ, ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ 46.2 ਡਿਗਰੀ ਅਤੇ ਮੱਧ ਪ੍ਰਦੇਸ਼ ਦੇ ਸਤਨਾ ਵਿੱਚ 46.1 ਡਿਗਰੀ ਤਾਪਮਾਨ ਰਿਹਾ। ਰਾਏਪੁਰ, ਅੰਮ੍ਰਿਤਸਰ, ਡਾਲਟਨਗੰਜ, ਨਾਗਪੁਰ, ਰੋਹਤਕ ਅਤੇ ਊਨਾ ਵਿੱਚ ਤਾਪਮਾਨ 44 ਤੋਂ 45 ਡਿਗਰੀ ਦੇ ਵਿਚਕਾਰ ਰਿਹਾ।
ਮੌਸਮ ਵਿਭਾਗ ਦੀ ਅੱਜ ਦੀ ਭਵਿੱਖਬਾਣੀ ਅਨੁਸਾਰ ਪੰਜਾਬ, ਹਰਿਆਣਾ, ਦਿੱਲੀ, ਉੱਤਰਾਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਦੀ ਸੰਭਾਵਨਾ ਹੈ। ਗੋਆ ਗਰਮ ਅਤੇ ਨਮੀ ਵਾਲਾ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਇਸ ਮਹੀਨੇ ਦੇ ਅਖ਼ੀਰ ਵਿੱਚ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ।