ਅੱਜ 25 ਮਈ ਤੋਂ ਨੌਤਪਾ ਸ਼ੁਰੂ ਹੋ ਗਿਆ ਹੈ ਤੇ ਇਹ 2 ਜੂਨ ਤੱਕ ਰਹੇਗਾ। ਇਸ ਦੌਰਾਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ ਅਤੇ ਹਰਿਆਣਾ ਲਈ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
ਪੰਜਾਬ ਵਿੱਚ ਹਾਲਾਂਕਿ ਬੀਤੀ ਰਾਤ ਕੁਝ ਥਾਵਾਂ ’ਤੇ ਬਰਸਾਤ ਹੋਣ ਨਾਲ ਲੂ ਤੋਂ ਥੋੜੀ ਰਾਹਤ ਮਿਲੀ ਹੈ। ਅੰਮ੍ਰਿਤਸਰ, ਅਜਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿੱਚ ਰਾਤ ਸਮੇਂ ਮੀਂਹ ਪੈਂਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਗੁਰਦਾਸਪੁਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। 24 ਮਈ ਦੀ ਰਾਤ ਨੂੰ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਤੇਜ ਹਵਾਂਵਾ ਚੱਲਣ ਦੀਆਂ ਖ਼ਬਰਾਂ ਆਈਆਂ ਸਨ।
ਉੱਤਰੀ ਭਾਰਤ ਵਿੱਚ ਸ਼ੁੱਕਰਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ 49 ਅਤੇ ਘੱਟੋ-ਘੱਟ 31 ਡਿਗਰੀ ਸੈਲਸੀਅਸ ਰਿਹਾ। ਰਾਜਸਥਾਨ ਵਿੱਚ ਗਰਮੀ ਕਾਰਨ 5 ਮੌਤਾਂ ਹੋਈਆਂ ਹਨ। ਰਾਜ ਵਿੱਚ 2 ਦਿਨਾਂ ਵਿੱਚ ਇਹ ਅੰਕੜਾ ਵੱਧ ਕੇ 13 ਹੋ ਗਿਆ ਹੈ। ਭੋਪਾਲ-ਹੈਦਰਾਬਾਦ ਇੰਡੀਗੋ ਦੀ ਫਲਾਈਟ ਸ਼ੁੱਕਰਵਾਰ ਨੂੰ ਇੱਕ ਘੰਟਾ ਦੇਰੀ ਨਾਲ ਰਵਾਨਾ ਹੋਈ। ਦੱਸਿਆ ਗਿਆ ਕਿ ਬਾਹਰ ਦਾ ਤਾਪਮਾਨ ਜ਼ਿਆਦਾ ਹੋਣ ਕਾਰਨ ਇੰਜਣ ਰਿਸਟ੍ਰਿਕਟ ਮੋਡ ’ਚ ਚਲਾ ਗਿਆ ਸੀ ਜਿਸ ਕਰਕੇ ਉਡਾਣ ਰੋਕਣੀ ਪਈ ਤੇ ਦੇਰੀ ਨਾਲ ਚੱਲੀ।
ਦੂਜੇ ਪਾਸੇ ਕਸ਼ਮੀਰ ਘਾਟੀ ਵਿੱਚ ਵੀ ਤਾਪਮਾਨ ਵਧ ਗਿਆ ਹੈ। ਇੱਥੇ 23 ਮਈ ਨੂੰ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਹ 11 ਸਾਲਾਂ ਵਿੱਚ ਸਭ ਤੋਂ ਵੱਧ ਸੀ। 25 ਮਈ 2013 ਨੂੰ ਇਹ 32.2 ਡਿਗਰੀ ਸੈਲਸੀਅਸ ਸੀ।
ਜੰਮੂ-ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਗਰਮੀ ਦੀ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਰਾਜਸਥਾਨ ਵਿੱਚ ਸਫਾਈ ਕਰਮਚਾਰੀਆਂ ਨੂੰ ਸਵੇਰੇ 5 ਤੋਂ 10 ਵਜੇ ਤੱਕ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਮੱਧ ਪ੍ਰਦੇਸ਼, ਪੰਜਾਬ ਅਤੇ ਦਿੱਲੀ ਦੇ ਡਾਕਟਰਾਂ ਨੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਦਿਨ ਵੇਲੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਹੈ।
ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ 25 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਸੀ।
ਐਮਪੀ ਟ੍ਰੈਫਿਕ ਪੁਲਿਸ ਨੇ ਇੰਦੌਰ ਦੇ ਚੌਰਾਹਿਆਂ ’ਤੇ ਲਾਲ ਬੱਤੀ ਦਾ ਸਮਾਂ ਘਟਾ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਧੁੱਪ ਵਿਚ ਘੱਟ ਇੰਤਜ਼ਾਰ ਕਰਨਾ ਪਏਗਾ। ਆਗਰਾ, ਭੋਪਾਲ, ਜੋਧਪੁਰ, ਲਖਨਊ ਸਮੇਤ ਕਈ ਸ਼ਹਿਰਾਂ ‘ਚ ਚੌਰਾਹਿਆਂ ‘ਤੇ ਟੈਂਟ ਲਗਾ ਦਿੱਤੇ ਗਏ ਹਨ, ਤਾਂ ਜੋ ਸਿਗਨਲ ਦਾ ਇੰਤਜ਼ਾਰ ਕਰਦੇ ਹੋਏ ਰਾਹਤ ਮਿਲ ਸਕੇ।