‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਪੁਲਿਸ ਨੇ ਜ਼ਿਲ੍ਹੇ ਦੇ ਸੀਨੀਅਰ ਨਾਗਰਿਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਇੱਕ ਅਨੋਖਾ ਉਪਰਾਲਾ ਕੀਤਾ ਹੈ। ਪਟਿਆਲਾ ਪੁਲਿਸ ਨੇ ਪਹਿਲਕਦਮੀ ਕਰਦਿਆਂ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਨਾਗਰਿਕਾਂ ਲਈ ਇੱਕ ਕੈਬ ਦਾ ਪ੍ਰਬੰਧ ਕੀਤਾ ਹੈ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਵੀ ਸੀਨੀਅਰ ਨਾਗਰਿਕ ਕਰੋਨਾ ਵੈਕਸੀਨ ਲਗਵਾਉਣਾ ਚਾਹੁੰਦਾ ਹੈ, ਉਸਨੂੰ ਇਹ ਕੈਬ ਘਰ ਤੋਂ ਲੈ ਕੇ ਜਾਵੇਗੀ।
ਪਟਿਆਲਾ ਪੁਲਿਸ ਦੀ ‘ਕੈਬ ਸਰਵਿਸ’ ‘ਚ ਕੀ ਹੈ ਖ਼ਾਸ
- ਵਿਕਰਮਜੀਤ ਦੁੱਗਲ ਨੇ ਕਿਹਾ ਕਿ ‘ਅਸੀਂ ਓਲਾ ਕੰਪਨੀ ਦੇ ਨਾਲ ਸਮਝੌਤਾ ਕਰਕੇ ਅਗਲੇ ਇੱਕ ਮਹੀਨੇ ਦਾ MoU ਸਾਇਨ ਕੀਤਾ ਹੈ।
- ਇਸ MoU ਨੂੰ ਬਾਅਦ ਵਿੱਚ ਰਿਨਿਊ ਵੀ ਕੀਤਾ ਜਾਵੇਗਾ।
- ਓਲਾ ਕੰਪਨੀ ਨੇ ਪੁਲਿਸ ਨੂੰ ਇੱਕ ਮੋਬਾਇਲ ਨੰਬਰ ਅਤੇ ਉਨ੍ਹਾਂ ਦੀ ਐਪ ਡਾਊਨਲੋਡ ਕਰਕੇ ਦਿੱਤੀ ਹੈ।
- ਇਸ ਐਪ ਦੇ ਰਾਹੀਂ ਪੁਲਿਸ ਨੂੰ ਜਦੋਂ ਵੀ ਕਿਸੇ ਸੀਨੀਅਰ ਨਾਗਰਿਕ ਦੀ ਵੈਕਸੀਨੇਸ਼ਨ ਕਰਵਾਉਣ ਲਈ ਬੇਨਤੀ ਆਵੇਗੀ ਤਾਂ ਪੁਲਿਸ ਉਨ੍ਹਾਂ ਕੋਲੋਂ ਵੈਕਸੀਨੇਸ਼ਨ ਲਈ ਸਮਾਂ ਅਤੇ ਤਰੀਕ ਪੁੱਛ ਕੇ ਨੋਟ ਕਰ ਲਵੇਗੀ।
- ਫਿਰ ਪੁਲਿਸ ਉਸ ਐਪ ਦੇ ਰਾਹੀਂ ਓਲਾ ਕੰਪਨੀ ਨੂੰ ਬੇਨਤੀ ਭੇਜੇਗੀ।
- ਪੂਰੇ ਸਾਫ-ਸੁਥਰੇ ਤਰੀਕੇ ਦੇ ਨਾਲ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੇ ਘਰ ਤੋਂ ਰਿਸੀਵ ਕਰਕੇ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਲਿਆਂਦਾ ਜਾਵੇਗਾ।
- ਇੱਥੋਂ ਦੇ ਹਸਪਤਾਲ ਵਿੱਚ ਉਨ੍ਹਾਂ ਨੂੰ ਕਰੋਨਾ ਵੈਕਸੀਨੇਸ਼ਨ ਦਿੱਤੀ ਜਾਵੇਗੀ।
- ਲੋਕਾਂ ਨੂੰ ਵੈਕਸੀਨੇਸ਼ਨ ਦੇ ਕੇ ਅੱਧਾ ਘੰਟਾ ਉਨ੍ਹਾਂ ਦੀ ਨਿਗਰਾਨੀ ਕਰਕੇ ਫੇਰ ਉਨ੍ਹਾਂ ਨੂੰ ਉਸੇ ਕੈਬ ਦੇ ਰਾਹੀਂ ਘਰ ਤੱਕ ਛੱਡਿਆ ਜਾਵੇਗਾ।
ਕਦੋਂ ਸ਼ੁਰੂ ਹੋਈ ਸਰਵਿਸ
ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਕਿਹਾ ਕਿ ਇਹ ਡ੍ਰਾਇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਲਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸਿਰਫ ਸੀਨੀਅਰ ਨਾਗਰਿਕਾਂ ਲਈ ਹੀ ਹੈ, ਜਿਨ੍ਹਾਂ ਨੰ ਸਫਰ ਕਰਨ ਵਿੱਚ ਆਰਥਿਕ ਜਾਂ ਸਰੀਰਕ ਪੱਖੋਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੀਨੀਅਰ ਨਾਗਰਿਕ ਕਿਵੇਂ ਕਰ ਸਕਦੇ ਹਨ ਬੁੱਕ
ਵਿਕਰਮਜੀਤ ਦੁੱਗਲ ਨੇ ਕਿਹਾ ਕਿ ਸੀਨੀਅਰ ਨਾਗਰਿਕ 95929-12500, 98764-32100 ‘ਤੇ ਫੋਨ ਕਰਕੇ ਕੈਬ ਬੁੱਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਰ ਰੋਜ਼ ਤਕਰੀਬਨ 30 ਸਲੋਟ ਬੁੱਕ ਕਰਦੇ ਹਾਂ, ਜੋ ਕਿ ਇੱਕ ਵੱਡਾ ਨੰਬਰ ਹੈ।