‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਆਈਏਐੱਲ ਬਬੀਤਾ ਕਲੇਰ ਨੇ ਮੁੜ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਕਰੋ ਨਾ ਦੇ ਖਤ ਰੇ ਤੋਂ ਬਚਾਉਣ ਲਈ ਪ੍ਰਸ਼ਾਸਨ ਸਖ਼ਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਲਿਖਿਆ ਜਾ ਰਿਹਾ ਹੈ ਕਿ ਉਹ ਕੋਵਿਡ ਦੀ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਬੈਂਕਾਂ ਵਿੱਚ ਨਾ ਆਉਣ ਦੇਣ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਸੇਵਾਵਾਂ ਲੈਣ ਲਈ ਵੈਕਸੀਨ ਲਗਵਾਉਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਦੇ ਵੀ ਵੈਕਸੀਨ ਨਹੀਂ ਲੱਗੀ, ਉਹ ਤੁੰਰਤ ਪਹਿਲੀ ਡੋਜ਼ ਲਗਵਾਏ ਅਤੇ ਜਿਸ ਕਿਸੇ ਦੇ ਪਹਿਲੀ ਡੋਜ਼ ਲੱਗ ਚੁੱਕੀ ਹੈ, ਉਹ ਮੈਡੀਕਲ ਮਾਹਿਰਾਂ ਵੱਲੋਂ ਦੂਜੀ ਡੋਜ਼ ਦੇ ਦਿੱਤੇ ਗਏ ਸਮੇਂ ‘ਤੇ ਆਪਣੀ ਦੂਜੀ ਡੋਜ਼ ਲਗਵਾਏ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕੀਤੀ ਜਾਣ ਵਾਲੀ ਸਖ਼ਤੀ ਦੌਰਾਨ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਝੱਲਣੀ ਪਵੇ।
ਬਬੀਤਾ ਕਲੇਰ ਨੇ ਕਿਹਾ ਕਿ ਕੋਵਿਡ ਪਾਬੰਦੀਆਂ ਵਿੱਚ ਇਸ ਸ਼ਰਤ ‘ਤੇ ਛੋਟ ਦਿੱਤੀ ਗਈ ਸੀ ਕਿ ਨਿੱਜੀ ਅਦਾਰਿਆਂ ਜਿਵੇਂ ਦੁਕਾਨਾਂ ਆਦਿ ‘ਤੇ ਵੀ ਦੁਕਾਨਦਾਰ ਵੈਕਸੀਨ ਦੀਆਂ ਦੋਵੇਂ ਡੋਜਾਂ ਲਗਵਾ ਕੇ ਹੀ ਦੁਕਾਨਾਂ ਖੋਲਣਗੇ। ਉਨ੍ਹਾਂ ਨੇ ਕਿਹਾ ਕਿ ਉਡਣ ਦਸਤੇ ਬਣਾ ਕੇ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਸੇਵਾ ਪ੍ਰਦਾਤਾਵਾਂ ਜਾਂ ਦੁਕਾਨਦਾਰਾਂ ਨੇ ਕੋਵਿਡ ਦੀਆਂ ਦੋਵੇਂ ਡੋਜਾਂ ਨਾ ਲਗਵਾਈਆਂ ਹੋਈਆਂ, ਉਨ੍ਹਾਂ ਦੇ ਅਦਾਰੇ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਆਪਦਾ ਪ੍ਰਬੰਧਨ ਕਾਨੂੰਨ ਦੀਆਂ ਧਾਰਾਵਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਵੈਕਸੀਨ ਨਾ ਲਗਵਾ ਕੇ ਪੂਰੇ ਸਮਾਜ ਨੂੰ ਖਤ ਰੇ ਵਿੱਚ ਪਾਉਣ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਵੈਕਸੀਨ ਉਪਲੱਬਧ ਹੈ ਅਤੇ ਹਰ ਰੋਜ਼ ਲਗਾਈ ਜਾਂਦੀ ਹੈ। ਇਸ ਲਈ ਜ਼ਿਲ੍ਹਾ ਵਾਸੀ ਬਿਨ੍ਹਾ ਦੇਰੀ ਕੋਵਿਡ ਵੈਕਸੀਨ ਲਗਵਾਉਣ। ਉਨ੍ਹਾਂ ਨੇ ਕਿਹਾ ਕਿ ਜਨਤਕ ਥਾਂਵਾਂ ‘ਤੇ ਮਾਸਕ ਨਾ ਪਾਉਣ ਵਾਲਿਆਂ ਖਿਲਾਫ ਵੀ ਆਪਦਾ ਪ੍ਰਬੰਧਨ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਲਈ ਜਨਤਕ ਥਾਂਵਾਂ ‘ਤੇ ਮਾਸਕ ਲਾਜ਼ਮੀ ਤੌਰ ‘ਤੇ ਪਾਇਆ ਜਾਵੇ।