ਚੰਡੀਗੜ੍ਹ : ਕਿਸਾਨਾਂ ਨੂੰ ਕਣਕ ਦੀ ਵਾਢੀ ਮੌਕੇ ਜ਼ਰੂਰੀ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ ਹੈ, ਤਾਂ ਜੋ ਇਸ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਦੇ ਹੋਏ ਸਾਫ਼-ਸੁਥਰੀ ਫ਼ਸਲ ਤਿਆਰ ਕਰ ਕੇ ਮੰਡੀ ਵਿਚ ਭੇਜੀ ਜਾ ਸਕੇ ਅਤੇ ਕਿਸਾਨਾਂ ਨੂੰ ਮੰਡੀਕਰਨ ਵਿਚ ਕੋਈ ਦਿੱਕਤ ਨਾ ਆਵੇ।
ਇਹ ਅਣਗਹਿਲੀ ਪੈ ਜਾਂਦੀ ਭਾਰੀ
ਕਣਕ ਦੀ ਕਟਾਈ ਸਮੇਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਬਿਜਲੀ ਦੇ ਟਰਾਂਸਫਾਰਮਰ ਤੋਂ ਨਿਕਲੇ ਚੰਗਿਆੜਿਆਂ ਕਾਰਨ, ਮਜ਼ੂਦਰ ਦੁਆਰਾ ਸੁੱਟੀ ਸੁਲਗਦੀ ਬੀੜੀ-ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕ ਦੀ ਫ਼ਸਲ ਜਾਂ ਨਾੜ ਨੂੰ ਅੱਗ ਲੱਗ ਜਾਂਦੀ ਹੈ।
ਵਰਤੋ ਇਹ ਸਾਵਧਾਨੀ
1. ਇਸ ਲਈ ਖੇਤਾਂ ਵਿਚ ਬਜਲੀ ਦੀਆਂ ਤਾਰਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਕਟਾਈ ਸਮੇਂ ਕੰਬਾਈਨ ਹਾਰਵੈਸਟਰ ਛੱਤਰੀ ਸਮੇਤ ਆਸਾਨੀ ਨਾਲ ਅੱਗੇ ਨਿਕਲ ਸਕੇ।
ਇਸ ਤੋਂ ਇਲਾਵਾ ਕੰਬਾਈਨ ਹਾਰਵੈਸਟਰ ਨੂੰ ਵੀ ਚਲਾਉਣ ਤੋਂ ਪਹਿਲਾਂ ਚੰਗੀ ਤਰਾਂ ਮਿਸਤਰੀ ਤੋਂ ਚੈੱਕ ਕਰਵਾ ਲਈ ਜਾਵੇ ਤਾਂ ਜੋ ਕੰਬਾਈਨ ਹਾਰਵੈਸਟਰ ਦੇ ਪੁਰਜ਼ਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਕੰਬਾਈਨ ਹਾਰਵੈਸਟਰ ਨੂੰ ਖੰਭਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣ ਤੋਂ ਬਚਾਇਆ ਜਾਣਾ ਚਾਹੀਦਾ ਹੈ।
2. ਆਮ ਵੇਖਿਆ ਗਿਆ ਹੈ ਕਿ ਇਨਾਂ ਦਿਨਾਂ ਦੌਰਾਨ ਟਰਾਂਸਫਾਰਮਰ/ਜੀਓ ਸਵਿੱਚ ਦੀ ਸਪਾਰਕਿੰਗ ਕਾਰਨ ਨਿਕਲੇ ਚੰਗਿਆੜਿਆਂ ਨਾਲ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਂਦੀ ਹੈ, ਇਸ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਸ ਵਕਤ ਕਣਕ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਟਰਾਂਸਫਾਰਮਰ ਦੇ ਆਲੇ-ਦੁਆਲਿਓ ਤਕਰੀਬਨ ਇਕ ਮਰਲੇ ਕਰਬੇ ਵਿਚੋਂ ਕਣਕ ਦੀ ਕਟਾਈ ਹੱਥ ਨਾਲ ਕਰ ਕੇ ਵੱਖਰੀ ਸਾਂਭ ਲੈਣੀ ਚਾਹੀਦੀ ਹੈ।
3. ਬਿਜਲੀ ਦੀਆਂ ਢਿੱਲੀਆਂ ਤਾਰਾਂ, ਟ੍ਰਾਂਸਫਾਰਮਰ/ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਬਿਜਲੀ ਨਿਗਮ ਨੂੰ ਦੇ ਕੇ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾ ਲੈਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਬੁਝਾਊ ਮਹਿਕਮੇ ਦਾ ਨੰਬਰ 101 ਯਾਦ ਰੱਖਣਾ
ਕਿਸਾਨ ਆਪਣੇ ਟਿਊਬਵੈੱਲ ਦੇ ਚੁਬੱਚਿਆਂ ਵਿਚ ਪਾਣੀ ਭਰ ਕੇ ਰੱਖਣ, ਤਾਂ ਜੋ ਕਿਸੇ ਵੀ ਸੰਕਟਕਾਲੀਨ ਹਾਲਤ ਵਿਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਉਨਾਂ ਕਿਹਾ ਕਿ ਹਰੇਕ ਕਿਸਾਨ ਨੂੰ ਅੱਗ ਬੁਝਾਊ ਮਹਿਕਮੇ ਦਾ ਨੰਬਰ 101 ਯਾਦ ਰੱਖਣਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ’ਤੇ ਤੁਰੰਤ ਰਾਬਤਾ ਕਾਇਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਕਣਕ ਦੀ ਕਟਾਈ ਫ਼ਸਲ ਦੂ ਪੂਰੀ ਤਰਾਂ ਪੱਕਣ ’ਤੇ ਹੀ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਫ਼ਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਦਾਣਿਆਂ ਵਿਚ ਨਮੀ ਜ਼ਿਆਦਾ ਰਹਿਣ ਕਾਰਨ ਉਪਜ ਦੇ ਮਿਆਰੀਪਣ ’ਤੇ ਅਸਰ ਪੈਂਦਾ ਹੈ।