‘ਦ ਖ਼ਾਲਸ ਬਿਊਰੋ : ਕੀ ਤੁਹਾਡਾ ਆਧਾਰ ਕਾਰਡ ਵੀ 10 ਸਾਲ ਪੁਰਾਣਾ ਹੈ? ਜੇਕਰ ਹਾਂ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਯੂਨੀਕ ਅਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਇਕ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣੇ ਦਸਤਾਵੇਜ਼ ਅਤੇ ਵੇਰਵਿਆਂ ਨੂੰ ਅਪਡੇਟ ਕਰਨ ਲਈ ਕਿਹਾ ਹੈ ਜਿੰਨਾ ਲੋਕਾਂ ਨੇ 10 ਸਾਲ ਪਹਿਲਾਂ ਆਪਣਾ ਆਧਾਰ ਕਾਰਡ ਬਣਵਾਇਆ ਸੀ ਅਤੇ ਇਸ ਤੋਂ ਬਾਅਦ ਕਦੇ ਵੀ ਇਸ ਨੂੰ ਅਪਡੇਟ ਨਹੀਂ ਕੀਤਾ ਹੈ।
ਯੂਨੀਕ ਅਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਣਕਾਰੀ ਨੂੰ ਅਪਡੇਟ ਕਰਨ ਦਾ ਕੰਮ ਆਨਲਾਈਨ ਜਾਂ ਆਧਾਰ ਕੇਂਦਰਾਂ ਵਿੱਚ ਜਾ ਕੇ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਨੂੰ ਲਾਜ਼ਮੀ ਨਹੀਂ ਬਣਾਇਆ ਗਿਆ ਹੈ।
ਬਿਆਨ ਦੇ ਅਨੁਸਾਰ, ਜਿਨ੍ਹਾਂ ਵਿਅਕਤੀਆਂ ਨੇ ਦਸ ਸਾਲ ਪਹਿਲਾਂ ਆਪਣਾ ਆਧਾਰ ਬਣਵਾਇਆ ਸੀ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕਦੇ ਵੀ ਉਨ੍ਹਾਂ ਨੂੰ ਅਪਡੇਟ ਨਹੀਂ ਕੀਤਾ, ਅਜਿਹੇ ਆਧਾਰ ਨੰਬਰ ਧਾਰਕਾਂ ਨੂੰ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। UIDAI ਨੇ ਇਸ ਸਬੰਧ ਵਿੱਚ ਆਧਾਰ ਧਾਰਕਾਂ ਨੂੰ ਨਿਰਧਾਰਿਤ ਫ਼ੀਸ ਦੇ ਨਾਲ ਦਸਤਾਵੇਜ਼ ਅੱਪਡੇਟ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ ਅਤੇ ਆਧਾਰ ਧਾਰਕ ਆਧਾਰ ਡੇਟਾ ਵਿੱਚ ਨਿੱਜੀ ਪਛਾਣ ਪ੍ਰਮਾਣ ਅਤੇ ਪਤੇ ਦੇ ਸਬੂਤ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਅੱਪਡੇਟ ਕਰ ਸਕਦਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦਸ ਸਾਲਾਂ ਦੌਰਾਨ, ਆਧਾਰ ਨੰਬਰ ਕਿਸੇ ਵਿਅਕਤੀ ਦੀ ਪਛਾਣ ਦੇ ਸਬੂਤ ਵਜੋਂ ਉਭਰਿਆ ਹੈ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਆਧਾਰ ਨੰਬਰ ਦੀ ਵਰਤੋਂ ਕੀਤੀ ਜਾ ਰਹੀ ਹੈ। UIDAI ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ, ਲੋਕਾਂ ਨੂੰ ਆਧਾਰ ਡੇਟਾ ਨੂੰ ਨਵੀਨਤਮ ਨਿੱਜੀ ਵੇਰਵਿਆਂ ਨਾਲ ਅਪਡੇਟ ਰੱਖਣਾ ਹੋਵੇਗਾ ਤਾਂ ਜੋ ਆਧਾਰ ਪ੍ਰਮਾਣਿਕਤਾ ਅਤੇ ਤਸਦੀਕ ਵਿੱਚ ਕੋਈ ਅਸੁਵਿਧਾ ਨਾ ਹੋਵੇ।