Punjab

“ਜੇ ਛੋਟਿਆਂ ਵਾਸਤੇ ਸਕੂਲ ਬਣਾ ਦਿਉਗੇ ਤਾਂ ਵੱਡਿਆਂ ਵਾਸਤੇ ਜੇਲ੍ਹਾਂ ਬਣਾਉਣ ਦੀ ਨਹੀਂ ਪਵੇਗੀ ਲੋੜ”

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਵਿੱਚ ਸਿੱਖਿਆ ਸੁਧਾਰਾਂ ਲਈ ਗੱਲਬਾਤ ਵਾਸਤੇ ਸਕੂਲ ਮੁਖੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਭਗਵੰਤ ਮਾਨ ਨੇ ਅਧਿਆਪਕਾਂ ਨੂੰ ਸਿੱਖਿਆ ਖੇਤਰ ਨੂੰ ਹੋਰ ਬਿਤਹਰ ਬਣਾਉਣ ਦੇ ਲਈ ਸੁਝਾਅ ਮੰਗੇ ਅਤੇ ਇਸ ਲਈ ਉਨ੍ਹਾਂ ਨੇ ਇੱਕ ਪੋਰਟਲ ਵੀ ਲਾਂਚ ਕੀਤਾ। ਇਸ ਪੋਰਟਲ ਉੱਤੇ ਅਧਿਆਪਕ ਆਪਣੇ ਸੁਝਾਅ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਸਿੱਖਿਆ ਸਭ ਤੋਂ ਕੀਮਤੀ ਚੀਜ਼ ਹੈ, ਜਿਸਨੂੰ ਕੋਈ ਚੋਰੀ ਨਹੀਂ ਕਰ ਸਕਦਾ।

ਬੱਚਿਆਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ ਕਿਉਂਕਿ ਪਰਸੈਨਟੇਜ਼ ਨਾਲੋਂ ਆਤਮ ਵਿਸ਼ਵਾਸ ਜ਼ਿਆਦਾ ਕੰਮ ਆਉਂਦਾ ਹੈ। ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਹੈੱਡਮਾਸਟਰਾਂ ਦੇ 70-70, 80-80, 100-100 ਦੇ ਗਰੁੱਪਾਂ ਨੂੰ ਸਵਿੱਟਰਜ਼ਲੈਂਡ, ਫਿਨਲੈਂਡ, ਸਿੰਘਾਪੁਰ, ਆਕਸਫੋਰਡ ਯੂਨੀਵਰਸਿਟੀ, ਹਾਰਵਰਡ ਹਿਊਸਟਨ ਵਿੱਚ ਪੰਜਾਬ ਸਰਕਾਰ ਆਪਣੇ ਖਰਚੇ ਉੱਤੇ ਸਪੈਸ਼ਨ ਟ੍ਰੇਨਿੰਗ ਦਿਵਾ ਕੇ ਲਿਆਵੇਗੀ। ਮਾਨ ਨੇ ਬੈੱਸਟ ਹੈੱਡਮਾਸਟਰ, ਬੈੱਸਟ ਪ੍ਰਿੰਸੀਪਲ ਦੇ ਪੁਰਸਕਾਰ ਸ਼ੁਰੂ ਕਰਨ ਦਾ ਵੀ ਦਾਅਵਾ ਕੀਤਾ। ਹਾਲਾਂਕਿ, ਬੈੱਸਟ ਅਧਿਆਪਕ ਦੇ ਪੁਰਸਕਾਰ ਹਨ ਪਰ ਇਨ੍ਹਾਂ ਨੂੰ ਹੋਰ ਵਧਾਇਆ ਜਾਵੇਗਾ ਤਾਂ ਜੋ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਹੋ ਸਕੇ। ਮਾਨ ਨੇ ਕਿਹਾ ਕਿ ਜੇ ਛੋਟਿਆਂ ਵਾਸਤੇ ਸਕੂਲ ਬਣਾ ਦਿਉਗੇ ਤਾਂ ਵੱਡਿਆਂ ਵਾਸਤੇ ਜੇਲ੍ਹਾਂ ਬਣਾਉਣ ਦੀ ਲੋੜ ਨਹੀਂ ਪੈਣੀ ਕਿ ਸਿੱਖਿਆ ਉਨ੍ਹਾਂ ਨੂੰ ਕਿਸੇ ਨਾ ਕਿਸੇ ਕੰਮ ਲਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਲੋਕਾਂ ਦੇ ਸਹਿਯੋਗ ਨਾਲ ਅੰਦਰੋਂ ਠੀਕ ਕਰਾਂਗੇ। ਨੌਜਵਾਨਾਂ ਨੂੰ ਅਸੀਂ ਜੌਬ ਪ੍ਰੋਵਾਈਡਰ ਬਣਾਵਾਂਗੇ, ਜੌਬ ਸੀਕਰ ਨਹੀਂ। ਅਸੀਂ ਆਪਣੇ ਨੌਜਵਾਨਾਂ ਨੂੰ ਬਾਹਰ ਨਹੀਂ ਜਾਣ ਦੇਣਾ। ਮੈਨੂੰ ਪੰਜਾਬ ਦੇ ਨੌਜਵਾਨਾਂ ਦੇ ਟੈਲੇਂਟ ਉੱਤੇ ਪੂਰਾ ਯਕੀਨ ਹੈ ਬਸ ਉਨ੍ਹਾਂ ਨੂੰ ਉੱਡਣ ਦੇ ਲਈ ਮਾਹੌਲ ਦੇਣਾ ਪਵੇਗਾ। ਜਦੋਂ ਬੱਚੇ ਅਫ਼ਸਰ ਲੱਗ ਗਏ, ਉਦੋਂ ਉਹ ਆਪਣੇ ਘਰਾਂ ਦੀਆਂ ਗਰੀਬੀਆਂ ਚੁੱਕ ਦੇਣਗੇ।

ਮਾਨ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਸਿਰਫ਼ ਪੜਾਈ ਜਾ ਰਹੇ ਹਾਂ, ਅਮਲ ਹੁੰਦਾ ਨਹੀਂ। ਮਾਨ ਨੇ ਇੱਕ ਉਦਾਹਰਣ ਦਿੰਦਿਆਂ ਕਿਹਾ ਕਿ ਕੀ ਤੁਸੀਂ ਕਦੇ ਇਕੁਏਸ਼ਨਾਂ ਲਾ ਕੇ ਬਾਜ਼ਾਰ ਵਿੱਚੋਂ ਸਬਜ਼ੀ ਖਰੀਦੀ ਹੈ। ਮਾਨ ਨੇ ਵੱਡਾ ਦਾਅਵਾ ਕੀਤਾ ਕਿ ਅਸੀਂ ਬੱਚਿਆਂ ਦੇ ਲਈ ਸਬਜੈਕਟ ਇਸ ਤਰੀਕੇ ਦੇ ਬਣਾਵਾਂਗੇ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੰਮ ਆਉਣ। ਜਿਹੜਾ ਬੱਚਾ ਜਿਹੜੇ ਸਬਜੈਕਟ ਵੱਲ ਜਾਣਾ ਚਾਹੁੰਦਾ ਹੈ, ਉਸਨੂੰ ਪਹਿਲਾਂ ਹੀ ਉਸ ਵੱਲ ਲੈ ਕੇ ਜਾਈਏ। ਅਸੀਂ ਸਿੱਖਿਆ ਨੂੰ ਇਵੇਂ ਦਾ ਬਣਾਵਾਂਗੇ, ਨੌਜਵਾਨਾਂ ਨੂੰ ਇਵੇਂ ਦਾ ਮਾਹੌਲ ਦੇਵਾਂਗੇ ਕਿ ਉਨ੍ਹਾਂ ਨੂੰ ਡਿਗਰੀਆਂ ਲੈ ਕੇ ਟੈਂਕੀਆਂ ਉੱਤੇ ਨਾ ਚੜਨਾ ਪਵੇ।

ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਰਕਾਰ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਸਰਕਾਰਾਂ ਜੋ ਫੈਸਲੇ ਜਾਣ ਲੱਗਿਆਂ ਕਰਦੀਆਂ ਹਨ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੇ ਦਿਨ ਤੋਂ ਹੀ ਇਤਿਹਾਸਕ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਪਹਿਲੀ ਵਾਰ ਮੂੰਗੀ, ਮੱਕੀ ਦੀ ਫ਼ਸਲ ਉੱਤੇ ਐੱਮਐੱਸਪੀ ਦਿੱਤੀ ਗਈ ਹੈ।