ਨਵੇਂ ਬਣੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜ਼ਪੋਸ਼ੀ ਦਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਸਭ ਦੇ ਵਿਚਾਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਕਦੇ ਸਿੱਖ ਪੰਥ ਨੇ ਸਮਝਿਆ ਕਿ ਮੇਰੀ ਵਿੱਚ ਕੋਈ ਕਮੀ ਹੈ ਜਾਂ, ਮੈਨੂੰ ਜਥੇਦਾਰ ਬਣ ਕੇ ਸਿੱਖ ਕੌਮ ਦੀ ਸੇਵਾ ਨਹੀਂ ਕਰਨੀ ਚਾਹੀਦੀ ਤਾਂ ਹੱਥ ਜੋੜ ਕੇ ਇਹ ਸੇਵਾ ਛੱਡ ਦਿਆਂਗਾ ਅਤੇ ਨਵੇਂ ਆਉਣ ਵਾਲੇ ਜਥੇਦਾਰ ਨੂੰ ਖੁਦ ਦਸਤਾਰ ਦੇ ਕੇ ਆਵਾਂਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਅੱਜ ਸੁਲਤਾਨਪੁਰ ਲੋਧੀ ਪਹੁੰਚੇ , ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਸਭ ਤੋਂ ਉੱਪਰ ਸੀ ਅਤੇ ਉਸਨੇ ਉੱਥੇ ਹੀ ਰਹਿਣਾ ਹੈ। ਉਹਨਾਂ ਕਿਹਾ ਕਿ ਜੇਕਰ ਮੇਰੇ ਬਾਕੀਆਂ ਕੋਲ ਜਾ ਕੇ ਬੇਨਤੀ ਕਰਨ ਨਾਲ ਸਾਰਾ ਪੰਥ ਇਕੱਠਾ ਹੁੰਦਾ ਹੈ ਤਾਂ ਮੈਂ ਇਹਨਾਂ ਕੋਲ ਨੰਗੇ ਪੈਰੀਂ ਜਾਣ ਨੂੰ ਤਿਆਰ ਹਾਂ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੱਜ ਕੁਝ ਅਹਿਮ ਗੱਲਾਂ ਕਹੀਆਂ ਗਈਆਂ ਹਨ। ਹੋਲੇ ਮੁਹੱਲੇ ਬਾਰੇ ਪੁੱਛੇ ਗਏ ਸਵਾਲ ਦਾ ਜਬਾਵ ਦਿੰਦਿਆਂ ਉਹਨਾਂ ਕਿਹਾ ਕਿ ਹੋਲਾ ਮੁਹੱਲਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਹਰ ਸਿੱਖ ਨੂੰ ਉੱਥੇ ਬਿਨਾਂ ਕਿਸੇ ਡਰ ਤੋਂ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸਿੱਖੀ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ ਹੰਭਲਾ ਮਾਰਨਾ ਜਰੂਰੀ ਹੈ।
ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਮੁੱਦੇ ਨੂੰ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਇਸ ਕਾਰਨ ਅੱਜ ਗੁਰੂ ਦੇ ਸਿੰਘਾਂ ਨੂੰ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਕਿਹਾ ਕਿ ਸਾਡੀ ਪਹਿਲ ਪੰਜਾਬ ਨੂੰ ਆਉਣਾ ਹੋਣੀ ਚਾਹੀਦੀ ਹੈ ਤਾਂ ਜੋ ਮੁੜ ਤੋਂ ਪਿੰਡਾਂ ਵਿੱਚ ਖੁਸ਼ੀਆਂ ਪਰਤਣ।
ਦਮਦਮੀ ਟਕਸਾਲ ਦੇ ਵਿਰੋਧ ’ਤੇ ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦਾ ਵੱਡਾ ਇਤਿਹਾਤਸ ਹੈ ਤੇ ਇਹ ਟਕਸਾਲਾਂ ਕੌਮ ਦੀ ਸ਼ਾਨ ਹਨ। ਪੰਥ ਦੀ ਏਕਤਾ ਲਈ ਸਭ ਦੇ ਯਤਨਾਂ ਦੀ ਲੋੜ ਹੈ ਤੇ ਸਾਰੀਆਂ ਹਸਤੀਆਂ ਹੀ ਸਤਿਕਾਰਤ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਰਵਉੱਚ ਹੈ ਤੇ ਸਰਵਉੱਚ ਹੀ ਰਹੇਗਾ ਤੇ ਪੰਥ ਦੇ ਨਿਸ਼ਾਨ ਹੇਠ ਸਭ ਨੂੰ ਇਕੱਠਾ ਹੋਣਾ ਪਵੇਗਾ।
ਸਾਬਕਾ ਜਥੇਦਾਰ ਨੂੰ ਹਟਾਉਣ ਦੇ ਫ਼ੈਸਲੇ ’ਤੇ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਵਾਲ ‘ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੈਂ ਇਸ ’ਤੇ ਕੁਝ ਨਹੀਂ ਕਹਿਣਾ ਚਾਹਾਂਗਾ। ਇਹ ਜਥੇਦਾਰ ਸਾਹਿਬ ਦਾ ਮਸਲਾ ਨਹੀਂ ਹੈ।