ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਸੋਸ਼ਲ ਮੀਡੀਆ ਅਕਾਊਂਟ ਹੁਣ ਖ਼ੁਫ਼ੀਆ ਏਜੰਸੀਆਂ ਦੀ ਚੌਕਸੀ ‘ਤੇ ਹਨ। ਗੋਲਡੀ ਬਰਾੜ ਦੇ ਪੇਜ ਵੀ ਫੇਸਬੁੱਕ ਤੋਂ ਹਟਾਏ ਜਾ ਰਹੇ ਹਨ। ਜੇਕਰ ਕੋਈ ਵੀ ਵਿਅਕਤੀ ਹੁਣ ਫੇਸਬੁੱਕ ‘ਤੇ ਅੱਤਵਾਦੀ ਸਰਚ ਕਰਦਾ ਹੈ ਤਾਂ ਉਸ ਦਾ ਅਲਰਟ ਤੁਰੰਤ ਸੁਰੱਖਿਆ ਏਜੰਸੀਆਂ ਤੱਕ ਪਹੁੰਚ ਜਾਵੇਗਾ।
ਗੋਲਡੀ ਬਰਾੜ ਦਾ ਨਾਂ ਸਰਚ ਕਰਦੇ ਹੀ ਫੇਸਬੁੱਕ ਨੇ ਅਲਰਟ ਕੀਤਾ ਕਿ ਇਹ ਵਿਅਕਤੀ ਕਈ ਖ਼ਤਰਨਾਕ ਸੰਗਠਨਾਂ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਫੇਸਬੁੱਕ ਇਸ ਨੂੰ ਖੋਜਣ ਦੀ ਇਜਾਜ਼ਤ ਨਹੀਂ ਦਿੰਦਾ ਹੈ। ਉਸ ਦੇ ਫੇਸਬੁੱਕ ਅਕਾਊਂਟ ‘ਤੇ ਇਹ ਵੀ ਲਿਖਿਆ ਗਿਆ ਹੈ ਕਿ ਇਹ ਵਿਅਕਤੀ ਨਫ਼ਰਤੀ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਹੈ।
ਜੇਕਰ ਕੋਈ ਵਿਅਕਤੀ ਨਫ਼ਰਤ ਭਰੀ ਭਾਸ਼ਣ ਵਰਗੀ ਸਮੱਗਰੀ ਪੋਸਟ ਕਰਦਾ ਹੈ, ਤਾਂ ਉਸ ਦਾ ਖਾਤਾ ਵੀ ਤੁਰੰਤ ਫੇਸਬੁੱਕ ਤੋਂ ਹਟਾ ਦਿੱਤਾ ਜਾਵੇਗਾ। ਸੋਸ਼ਲ ਮੀਡੀਆ ‘ਤੇ ਅੱਤਵਾਦੀਆਂ ਖ਼ਿਲਾਫ਼ ਇਹ ਵੱਡੀ ਕਾਰਵਾਈ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨਿਆ ਗਿਆ ਸੀ। ਉਸ ਦਾ ਖ਼ਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧ ਹੈ। ਗੋਲਡੀ ਬਰਾੜ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਹੈ। ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖ਼ੀਆਂ ਵਿੱਚ ਆਇਆ ਸੀ। ਕੇਂਦਰ ਸਰਕਾਰ ਦੀ ਕਾਰਵਾਈ ਤੋਂ ਬਾਅਦ ਹੁਣ ਗੋਲਡੀ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹੈ।
ਗੋਲਡੀ ਬਰਾੜ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਦਾ ਪੁੱਤਰ ਹੈ। ਆਪਣੇ ਭਰਾ ਦੇ ਕਤਲ ਤੋਂ ਬਾਅਦ ਉਹ ਗੈਂਗਸਟਰ ਬਣ ਗਿਆ। ਹੁਣ ਉਹ ਚਿਹਰੇ ਬਦਲ ਕੇ ਅਪਰਾਧ ਕਰਦਾ ਰਹਿੰਦਾ ਹੈ।
29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਫਿਰ ਗੋਲਡੀ ਬਰਾੜ ਨੇ ਇੱਕ ਟੀਵੀ ਚੈਨਲ ‘ਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਆ ਸੀ।
ਉਸ ਨੇ ਮੂਸੇਵਾਲਾ ‘ਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਜਦੋਂ ਪੁਲੀਸ ਨੇ ਮੂਸੇਵਾਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਸ ਨੂੰ ਕਤਲ ਕਰਨ ਲਈ ਮਜਬੂਰ ਕੀਤਾ ਗਿਆ। ਗੋਲਡੀ ਨੇ ਹਰਿਆਣਾ ਅਤੇ ਪੰਜਾਬ ਤੋਂ 6 ਸ਼ੂਟਰ ਭੇਜ ਕੇ ਮੂਸੇਵਾਲਾ ਦਾ ਕਤਲ ਕਰਵਾਇਆ ਸੀ।
ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਬਰਾੜ ਖ਼ਿਲਾਫ਼ ਇਹ ਵੱਡੀ ਕਾਰਵਾਈ ਹੈ।