Punjab

ਜੇ SIT ਨੇ ਸੱਦਿਆ ਤਾਂ ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਜਾਣਗੇ – ਵਲਟੋਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਐੱਸਆਈਟੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਕਿਹਾ ਕਿ ‘ਜੇ SIT ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਜ਼ਰੂਰ ਜਾਣਗੇ। ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ ਤਾਂ ਇਹ ਨਵੀਆਂ ਚਾਲਾਂ ਜ਼ਰੂਰ ਚੱਲਣਗੇ। 2004 ਵਿੱਚ ਅੰਮ੍ਰਿਤਸਰ ਦੇ ਨੇੜੇ ਜਦੋਂ ਕਿਸਾਨਾਂ ਦਾ ਪ੍ਰਦਰਸ਼ਨ ਸੀ, ਮਾਨਾਂਵਾਲਾ ਵਿਖੇ ਬਹੁਤ ਵੱਡਾ ਇਕੱਠ ਸੀ, ਉੱਥੇ ਗੱਲੀ ਚੱਲੀ ਅਤੇ ਦੋ ਕਿਸਾਨ ਸ਼ਹੀਦ ਹੋਏ। 2006 ਵਿੱਚ ਵੀ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਗੋਲੀ ਚੱਲੀ ਅਤੇ 100 ਦੇ ਕਰੀਬ ਕਿਸਾਨ ਜ਼ਖਮੀ ਹੋਏ। ਕੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਗੋਲੀ ਚੱਲੀ ਸੀ। ਇਸ ਕਰਕੇ ਇਹ ਗੱਲਾਂ ਨਹੀਂ ਬਣਾਉਣੀਆਂ ਚਾਹੀਦੀਆਂ ਕਿ ਮੁੱਖ ਮੰਤਰੀ, ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਗੋਲੀ ਨਹੀਂ ਚੱਲ ਸਕਦੀ, ਜੇ ਨਹੀਂ ਚੱਲ ਸਕਦੀ ਤਾਂ 2004 ਅਤੇ 2006 ਦੀਆਂ ਘਟਨਾਵਾਂ ਲਈ ਕੈਪਟਨ ਅਮਰਿੰਦਰ ਸਿੰਘ ‘ਤੇ ਮੁਕੱਦਮਾ ਦਰਜ ਕੀਤਾ ਜਾਵੇ’।

ਕਾਂਗਰਸ ਵਿਧਾਇਕ ਹਰਜੋਤ ਕਮਲ ਦਾ ਬਿਆਨ

ਕਾਂਗਰਸ ਵਿਧਾਇਕ ਹਰਜੋਤ ਕਮਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਐੱਸਆਈਟੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਕਿਹਾ ਕਿ ‘ਪੁਰਾਣੀ SIT ਵੇਲੇ ਵੀ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀ। ਹਾਈਕੋਰਟ ਵੱਲੋਂ ਜੋ ਦੁਬਾਰਾ SIT ਬਣਾਈ ਗਈ ਹੈ, ਉਹ ਸਾਰਿਆਂ ਬੰਦਿਆਂ ਨੂੰ ਵਾਰੋ-ਵਾਰੀ ਬੁਲਾ ਰਹੀ ਹੈ। SIT ਸਾਰੇ ਲੋੜੀਂਦੇ ਗਵਾਹਾਂ ਨੂੰ ਬੁਲਾ ਰਹੀ ਹੈ’।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ‘SIT ਵੱਲੋਂ ਗਵਾਹਾਂ ਨੂੰ ਬੁਲਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਲੋਕਾਂ ਨੂੰ ਉਮੀਦ ਸੀ ਕਿ ਉਹ ਸੱਚਾਈ ਤੱਕ ਪਹੁੰਚੇਗਾ ਪਰ ਉਸਨੇ ਹੁਣ ਅਸਤੀਫਾ ਦੇ ਦਿੱਤਾ ਹੈ’।